IMG-LOGO
ਹੋਮ ਪੰਜਾਬ: ਜਲੰਧਰ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, 5 ਮਹੀਨਿਆਂ ਤੋਂ...

ਜਲੰਧਰ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, 5 ਮਹੀਨਿਆਂ ਤੋਂ ਲਾਪਤਾ ਵਿਅਕਤੀ ਦੀ ਘਰ ਦੇ ਬਾਥਰੂਮ ‘ਚੋਂ ਮਿਲੀ ਲਾਸ਼

Admin User - Apr 03, 2026 10:39 AM
IMG

ਜਲੰਧਰ ਦੇ ਪਿੰਡ ਗਾਂਧਰਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਪਿਛਲੇ ਪੰਜ ਮਹੀਨਿਆਂ ਤੋਂ ਲਾਪਤਾ ਅਜਮੇਰ ਸਿੰਘ ਦਾ ਬੜੀ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਘਰ ਦੇ ਅੰਦਰ ਹੀ ਦਫ਼ਨਾ ਦਿੱਤਾ ਗਿਆ ਸੀ। ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਮੁਲਜ਼ਮ ਗੁਰਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਮ੍ਰਿਤਕ ਦੇ ਭਤੀਜੇ ਅਮਨਪ੍ਰੀਤ ਸਿੰਘ ਨੇ 1 ਅਪ੍ਰੈਲ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਉਸ ਨੇ ਦੱਸਿਆ ਕਿ ਉਸ ਦਾ ਚਾਚਾ ਅਜਮੇਰ ਸਿੰਘ (45), ਜੋ ਪਿਛਲੇ 20 ਸਾਲਾਂ ਤੋਂ ਗੁਰਦੇਵ ਸਿੰਘ ਨਾਲ ਕੰਮ ਕਰਦਾ ਸੀ, ਨਵੰਬਰ 2025 ਤੋਂ ਰਹੱਸਮਈ ਹਾਲਤ ਵਿੱਚ ਲਾਪਤਾ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਦਰ ਨਕੋਦਰ ਦੀ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਗੁਰਦੇਵ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ।


ਪੁਲਿਸ ਦੀ ਸਖ਼ਤੀ ਅੱਗੇ ਟੁੱਟਦਿਆਂ ਮੁਲਜ਼ਮ ਗੁਰਦੇਵ ਸਿੰਘ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ 13 ਨਵੰਬਰ 2025 ਨੂੰ ਉਸ ਨੇ ਅਜਮੇਰ ਦਾ ਕਤਲ ਕਰ ਦਿੱਤਾ ਸੀ। ਜੁਰਮ ਨੂੰ ਛੁਪਾਉਣ ਲਈ ਉਸ ਨੇ ਆਪਣੇ ਘਰ ਦੇ ਬਾਥਰੂਮ ਦੇ ਕੋਲ ਕਰੀਬ 5 ਤੋਂ 6 ਫੁੱਟ ਡੂੰਘਾ ਖੱਡਾ ਪੁੱਟਿਆ ਅਤੇ ਲਾਸ਼ ਨੂੰ ਬੋਰੇ ਵਿੱਚ ਪਾ ਕੇ ਉੱਥੇ ਦੱਬ ਦਿੱਤਾ।


ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਬੀਤੇ ਦਿਨ (2 ਅਪ੍ਰੈਲ) ਪੁਲਿਸ ਟੀਮ ਪਿੰਡ ਗਾਂਧਰਾ ਪਹੁੰਚੀ। ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਜਦੋਂ ਘਰ ਦੇ ਅੰਦਰ ਖੁਦਾਈ ਕੀਤੀ ਗਈ ਤਾਂ ਉੱਥੋਂ ਅਜਮੇਰ ਸਿੰਘ ਦੀ ਲਾਸ਼ ਬਰਾਮਦ ਹੋਈ। ਲਾਸ਼ ਪੂਰੀ ਤਰ੍ਹਾਂ ਗਲ ਚੁੱਕੀ ਸੀ।


ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੁਲਜ਼ਮ ਖ਼ਿਲਾਫ਼ ਕਤਲ ਅਤੇ ਸਬੂਤ ਮਿਟਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ 20 ਸਾਲਾਂ ਦੇ ਸਾਥ ਤੋਂ ਬਾਅਦ ਅਜਿਹੀ ਕਿਹੜੀ ਵਜ੍ਹਾ ਸੀ, ਜਿਸ ਕਾਰਨ ਗੁਰਦੇਵ ਨੇ ਇਸ ਖੌਫ਼ਨਾਕ ਕਾਂਡ ਨੂੰ ਅੰਜਾਮ ਦਿੱਤਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.