ਤਾਜਾ ਖਬਰਾਂ
ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਵਿਗੜਨ ਵਾਲਾ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਸਮੇਂ ਲਈ ‘ਆਰੈਂਜ ਚਿਤਾਵਨੀ’ ਜਾਰੀ ਕਰਦਿਆਂ ਸੂਬੇ ਦੇ ਕਈ ਹਿੱਸਿਆਂ ਵਿੱਚ ਗਰਜ-ਚਮਕ ਦੇ ਨਾਲ ਮੀਂਹ ਅਤੇ ਭਾਰੀ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਵੀ ਅੰਦਾਜ਼ਾ ਹੈ।
ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ ਪੰਜਾਬ ਦੇ 22 ਜ਼ਿਲ੍ਹੇ ਇਸ ਮੌਸਮੀ ਤਬਦੀਲੀ ਦੀ ਮਾਰ ਹੇਠ ਆਉਣਗੇ। ਖ਼ਾਸ ਕਰਕੇ 12 ਜ਼ਿਲ੍ਹਿਆਂ ਵਿੱਚ ਸਥਿਤੀ ਵਧੇਰੇ ਨਾਜ਼ੁਕ ਰਹਿ ਸਕਦੀ ਹੈ। ਇਨ੍ਹਾਂ ਵਿੱਚ ਸ਼ਾਮਲ ਹਨ:
ਮਾਝਾ ਤੇ ਦੋਆਬਾ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਅਤੇ ਨਵਾਂਸ਼ਹਿਰ।
ਮਾਲਵਾ ਖੇਤਰ: ਰੂਪਨਗਰ, ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ।
ਇਨ੍ਹਾਂ ਇਲਾਕਿਆਂ ਵਿੱਚ ਅਸਮਾਨੀ ਬਿਜਲੀ ਦੇ ਨਾਲ-ਨਾਲ ਗੜੇਮਾਰੀ ਹੋਣ ਦੀ ਪ੍ਰਬਲ ਸੰਭਾਵਨਾ ਹੈ।
ਦੂਜੇ ਪਾਸੇ, ਸੂਬੇ ਦੇ ਬਾਕੀ 10 ਜ਼ਿਲ੍ਹਿਆਂ—ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਮੀਂਹ ਦੇ ਨਾਲ-ਨਾਲ ਧੂੜ ਭਰੀਆਂ ਤੇਜ਼ ਹਵਾਵਾਂ ਚੱਲਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਹਾਲਾਂਕਿ ਇਨ੍ਹਾਂ ਖੇਤਰਾਂ ਵਿੱਚ ਵੀ ਬੱਦਲਵਾਈ ਬਣੀ ਰਹੇਗੀ।
ਵਿਭਾਗ ਨੇ ਦੱਸਿਆ ਕਿ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਦੇ ਕਈ ਇਲਾਕਿਆਂ ਵਿੱਚ ਚੰਗੀ ਬਾਰਿਸ਼ ਦੀ ਉਮੀਦ ਹੈ, ਜਦਕਿ ਬਾਕੀ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਟੁੱਟਵੀਂ ਬਾਰਿਸ਼ ਹੋ ਸਕਦੀ ਹੈ।
ਪ੍ਰਸ਼ਾਸਨ ਦੀ ਸਲਾਹ: ਤੇਜ਼ ਹਵਾਵਾਂ ਅਤੇ ਬਿਜਲੀ ਦੇ ਗਰਜਣ ਕਾਰਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖ਼ਰਾਬ ਮੌਸਮ ਦੌਰਾਨ ਦਰੱਖਤਾਂ ਅਤੇ ਕੱਚੀਆਂ ਕੰਧਾਂ ਤੋਂ ਦੂਰ ਰਹਿਣ ਅਤੇ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ।
Get all latest content delivered to your email a few times a month.