ਤਾਜਾ ਖਬਰਾਂ
ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ਨਾਲ ਸੰਬੰਧਤ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਰੀਬ ਦੋ ਸਾਲ ਪਹਿਲਾਂ ਰੋਜ਼ੀ-ਰੋਟੀ ਅਤੇ ਚੰਗੇ ਭਵਿੱਖ ਦੀ ਖ਼ਾਤਰ ਅਮਰੀਕਾ ਗਏ ਨੌਜਵਾਨ ਚਰਨਜੀਤ ਸਿੰਘ ਉਰਫ਼ ਰਿੰਕੂ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਇਹ ਘਟਨਾ 27 ਮਾਰਚ ਨੂੰ ਉਸ ਸਮੇਂ ਵਾਪਰੀ ਜਦੋਂ ਉਹ ਆਪਣੇ ਘਰ ਦੇ ਬਾਥਰੂਮ ਵਿੱਚ ਨ੍ਹਾ ਰਹੇ ਸਨ। ਇਸ ਅਚਾਨਕ ਹੋਈ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਮਾਂ ਸਮੇਤ ਸਾਰੇ ਪਰਿਵਾਰਕ ਮੈਂਬਰ ਗ਼ਮ ਵਿੱਚ ਡੁੱਬ ਗਏ। ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਹ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਇੱਛਾ ਰੱਖਦੇ ਸਨ, ਪਰ ਇਹ ਸੰਭਵ ਨਾ ਹੋ ਸਕਿਆ ਅਤੇ ਅੱਜ ਉਸਦਾ ਅੰਤਿਮ ਸੰਸਕਾਰ ਅਮਰੀਕਾ ਵਿੱਚ ਹੀ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮਾਂ ਆਪਣੇ ਪੁੱਤਰ ਦੇ ਅਖੀਰਲੇ ਦਰਸ਼ਨ ਵੀ ਨਾ ਕਰ ਸਕੀ। ਪਿੰਡ ਦੇ ਸਰਪੰਚ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਰਿੰਕੂ ਨੇ ਬਹੁਤ ਹੀ ਮੁਸ਼ਕਲ ਹਾਲਾਤਾਂ ਵਿੱਚ ਆਪਣੀ ਮਾਂ ਦੇ ਸਹਾਰੇ ਪਰਵਰਿਸ਼ ਪਾਈ ਸੀ, ਕਿਉਂਕਿ ਉਸ ਦੇ ਪਿਤਾ ਦੀ ਮੌਤ ਉਸਦੇ ਬਚਪਨ ਵਿੱਚ ਹੀ ਹੋ ਗਈ ਸੀ। ਉਸ ਨੇ ਆਪਣੇ ਪਰਿਵਾਰ ਦੀ ਹਾਲਤ ਸੁਧਾਰਨ ਲਈ ਵਿਦੇਸ਼ ਦਾ ਰੁੱਖ ਕੀਤਾ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮ੍ਰਿਤਕ ਦੀ ਆਤਮਿਕ ਸ਼ਾਂਤੀ ਲਈ 5 ਅਪ੍ਰੈਲ ਨੂੰ ਗੁਰਦੁਆਰਾ ਸਿੰਘ ਸਭਾ ਪੁਰਾਣਾ ਸ਼ਾਲਾ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਰੱਖੀ ਗਈ ਹੈ।
Editor in Chief
ਕੱਪੜ ਛਾਣ
Get all latest content delivered to your email a few times a month.