ਤਾਜਾ ਖਬਰਾਂ
ਪੰਜਾਬ ਦੀ ਪ੍ਰਸਿੱਧ ਖੰਨਾ ਦਾਣਾ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਆੜਤੀਆਂ ਵੱਲੋਂ ਅਣਮਿਆਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਹਾਲਾਤ ਗੰਭੀਰ ਬਣ ਗਏ ਹਨ। ਇਸ ਹੜਤਾਲ ਦਾ ਸਿੱਧਾ ਅਸਰ 6 ਹਜ਼ਾਰ ਤੋਂ ਵੱਧ ਕਿਸਾਨਾਂ ‘ਤੇ ਪੈ ਰਿਹਾ ਹੈ, ਜਿਨ੍ਹਾਂ ਦੀ ਕਣਕ ਦੀ ਫਸਲ ਮੰਡੀਆਂ ਵਿੱਚ ਵਿਕਰੀ ਲਈ ਤਿਆਰ ਪਈ ਹੈ।
ਹੜਤਾਲ ਦੇ ਚੱਲਦੇ ਮੰਡੀ ਵਿੱਚ ਕਣਕ ਦੀ ਖਰੀਦ, ਸਫਾਈ ਅਤੇ ਭਰਾਈ ਵਰਗੇ ਸਾਰੇ ਜ਼ਰੂਰੀ ਕੰਮ ਪੂਰੀ ਤਰ੍ਹਾਂ ਠੱਪ ਹੋ ਗਏ ਹਨ। ਇਸ ਨਾਲ ਕਿਸਾਨਾਂ ਨੂੰ ਨਾ ਸਿਰਫ ਆਰਥਿਕ ਨੁਕਸਾਨ ਦਾ ਡਰ ਹੈ, ਸਗੋਂ ਫਸਲ ਦੇ ਖਰਾਬ ਹੋਣ ਦੀ ਚਿੰਤਾ ਵੀ ਵੱਧ ਰਹੀ ਹੈ।
ਇਸ ਦਰਮਿਆਨ, ਆੜਤੀਆਂ ਨੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਰੋਂ ਅਤੇ ਜੌਂ ਦੀ ਖਰੀਦ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ, ਤਾਂ ਜੋ ਇਹ ਫਸਲ ਬਰਬਾਦ ਨਾ ਹੋਵੇ ਅਤੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ।
ਆੜਤੀ ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਢਾਈ ਫੀਸਦੀ ਕਮਿਸ਼ਨ ਮਿਲਦੀ ਸੀ, ਪਰ ਹੁਣ ਇਸਨੂੰ ਘਟਾ ਕੇ ਸਿਰਫ 46 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ, ਜੋ ਕਿ ਉਨ੍ਹਾਂ ਦੇ ਖਰਚਿਆਂ ਦੇ ਮੁਕਾਬਲੇ ਕਾਫ਼ੀ ਘੱਟ ਹੈ। ਹਾਲਾਂਕਿ ਹਾਲ ਹੀ ਵਿੱਚ ਐਫਸੀਆਈ ਵੱਲੋਂ 4.75 ਰੁਪਏ ਦਾ ਵਾਧਾ ਕੀਤਾ ਗਿਆ, ਪਰ ਆੜਤੀਆਂ ਦੇ ਅਨੁਸਾਰ ਇਹ ਵਾਧਾ ਨਾਕਾਫ਼ੀ ਹੈ।
ਉਹਨਾਂ ਦੀ ਮੰਗ ਹੈ ਕਿ ਹਰਿਆਣਾ ਦੀ ਤਰ੍ਹਾਂ ਪੰਜਾਬ ਵਿੱਚ ਵੀ ਕਮਿਸ਼ਨ ਵਧਾ ਕੇ 55 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਇਸਦੇ ਨਾਲ ਹੀ, ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ EPF ਨਿਯਮਾਂ ਤੋਂ ਆੜਤੀਆਂ ਨੂੰ ਛੋਟ ਦਿੱਤੀ ਜਾਵੇ।
ਦੂਜੇ ਪਾਸੇ, ਮੰਡੀ ਵਿੱਚ ਪਹੁੰਚੇ ਕਿਸਾਨ ਕਾਫ਼ੀ ਚਿੰਤਿਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਹ ਹੜਤਾਲ ਜ਼ਿਆਦਾ ਸਮੇਂ ਤੱਕ ਚੱਲੀ ਤਾਂ ਕਣਕ ਦੀ ਫਸਲ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਮੰਡੀਆਂ ਵਿੱਚ ਅਫ਼ਰਾਤਫ਼ਰੀ ਦਾ ਮਾਹੌਲ ਬਣ ਸਕਦਾ ਹੈ। ਕਿਸਾਨਾਂ ਨੇ ਸਰਕਾਰ ਤੋਂ ਤੁਰੰਤ ਦਖਲ ਦੀ ਮੰਗ ਕੀਤੀ ਹੈ ਤਾਂ ਜੋ ਹਾਲਾਤ ਕਾਬੂ ਵਿੱਚ ਆ ਸਕਣ।
ਖੰਨਾ ਦੀ ਦਾਣਾ ਮੰਡੀ, ਜੋ ਕਿ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਮੰਨੀ ਜਾਂਦੀ ਹੈ, ਵਿੱਚ ਲਗਭਗ 300 ਆੜਤੀ ਅਤੇ 6 ਤੋਂ 8 ਹਜ਼ਾਰ ਕਿਸਾਨ ਰੋਜ਼ਾਨਾ ਲੈਣ-ਦੇਣ ਨਾਲ ਜੁੜੇ ਰਹਿੰਦੇ ਹਨ। ਇਸ ਹੜਤਾਲ ਨੇ ਖੇਤੀਬਾੜੀ ਪ੍ਰਣਾਲੀ ‘ਤੇ ਵੱਡਾ ਅਸਰ ਪਾਇਆ ਹੈ ਅਤੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਸੰਕਟ ਵਿੱਚ ਪਾ ਦਿੱਤਾ ਹੈ।
Get all latest content delivered to your email a few times a month.