ਤਾਜਾ ਖਬਰਾਂ
ਲੁਧਿਆਣਾ: 29 ਮਾਰਚ-
ਪੰਜਾਬ ਦੀ ਖੂਬਸੂਰਤੀ ਨੂੰ ਕੈਮਰੇ ਦੀ ਅੱਖ ਨਾਲ ਵੇਖ ਕੇ ਪੰਜਾਬ ਸਰਕਾਰ ਦੇ ਸੂਚਨਾ ਕਮਿਸ਼ਨਰ ਸ. ਹਰਪ੍ਰੀਤ ਸਿੰਘ ਸੰਧੂ ਨੇ ਕੌਮਾਂਤਰੀ ਪਛਾਣ ਦਿਵਾਈ ਹੈ। ਇਹ ਵਿਚਾਰ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸੁਖਨਾ ਲੇਕ ਚੰਡੀਗੜ੍ਹ ਦੀ 75ਵੀਂ ਵਰ੍ਹੇਗੰਢ ਮੌਕੇ ਯੂ ਟੀ ਪ੍ਰਸ਼ਾਸਨ ਚੰਡੀਗੜ੍ਰ ਵੱਲੋਂ ਪ੍ਰਕਾਸ਼ਿਤ ਕੌਫੀ ਟੇਬਲ ਪੁਸਤਕ ਹਾਸਲ ਕਰਦਿਆਂ ਕਹੇ।
ਸ. ਹਰਪ੍ਰੀਤ ਸਿੰਘ ਸੰਧੂ ਲੁਧਿਆਣਾ ਦੇ ਉੱਘੇ ਸੀਨੀਅਰ ਐਡਵੋਕੇਟ ਤੇ ਇਸ ਵੇਲੇ ਪੰਜਾਬ ਦੇ ਸੂਚਨਾ ਕਮਿਸ਼ਨਰ ਹੋਣ ਦੇ ਨਾਲ ਨਾਲ ਸ਼ੌਂਕੀਆ ਫੋਟੋ ਆਰਟਿਸਟ ਵੀ ਹਨ। ਉਨ੍ਹਾਂ ਦੀ ਫੋਟੋ ਕਲਾ ਬਾਰੇ ਪ੍ਰੋ. ਗਿੱਲ ਨੇ ਕਿਹਾ ਕਿ ਹਰਪ੍ਰੀਤ ਸੁੱਤਿਆਂ ਨਹੀਂ, ਜਾਗਦਿਆਂ ਸੁਪਨੇ ਦੇਖਣ ਵਾਲਾ ਆਰਟਿਸਟ ਹੈ ਅਤੇ ਹਰ ਸੁਪਨੇ ਦੀ ਪੂਰਤੀ ਲਈ ਜੀਅ ਜਾਨ ਲਾ ਕੇ ਸੰਪੂਰਨ ਕਰਦਾ ਹੈ। ਸੂਰਜ ਚੜ੍ਹਨ ਤੇ ਅਸਤਣ ਦੇ ਜਿੰਨੇ ਸੁੰਦਰ ਨਜ਼ਾਰੇ ਹਰਪ੍ਰੀਤ ਨੇ ਸੰਭਾਲ ਕੇ ਇਸ ਪੁਸਤਕ ਵਿੱਚ ਪ੍ਰਕਾਸ਼ਿਤ ਕੀਤੇ ਹਨ, ਉਹ ਭਵਿੱਖ ਪੀੜ੍ਹੀਆਂ ਲਈ ਮਾਨਣ ਤੇ ਜਾਨਣ ਯੋਗ ਬਣਨਗੇ। ਉਨ੍ਹਾਂ ਯੂ ਟੀ ਦੇ ਮੁੱਖ ਪ੍ਰਸ਼ਾਸਕ ਤੇ ਰਾਜਪਾਲ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਨੇ ਸਰਪ੍ਰਸਤੀ ਦੇ ਕੇ ਇਸ ਮਹੱਤਵ ਪੂਰਨ ਪ੍ਰਕਾਸ਼ਨਾ ਨੂੰ ਦੇਸ਼ ਬਦੇਸ਼ ਵਿੱਚ ਪਹੁੰਚਾਇਆ ਹੈ।
ਇਸ ਮੌਕੇ ਕੈਨੇਡਾ ਦੇ ਸ਼ਹਿਰ ਟੋਰੰਟੋ ਤੋ ਆਏ ਪੰਜਾਬੀ ਕਵੀ ਤੇ ਕੋਮਲ ਕਲਾਵਾਂ ਦੇ ਸਰਪ੍ਰਸਤ ਸ. ਉਜਾਗਰ ਸਿੰਘ ਕੰਵਲ ਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਫ਼ੋਟੋ ਆਰਟਿਸਟ ਤੇਜਪਰਤਾਪ ਸਿੰਘ ਸੰਧੂ ਨੇ ਵੀ ਹਰਪ੍ਰੀਤ ਸਿੰਘ ਸੰਧੂ ਨੂੰ ਇਸ ਦਿਲਕਸ਼ ਪ੍ਰਕਾਸ਼ਨਾ ਲਈ ਮੁਬਾਰਕਬਾਦ ਦਿੱਤੀ।
ਸ. ਹਰਪ੍ਰੀਤ ਸਿੰਘ ਸੰਧੂ ਨੇ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੇਰੇ ਨਾਨਕਾ ਦਾਦਕਾ ਪਰਿਵਾਰ ਤੋਂ ਇਲਾਵਾ ਮੇਰੀ ਜੀਵਨ ਸਾਥਣ ਅਮਨ ਸਮੇਤ ਬੱਚਿਆਂ ਸਹਰ, ਅੰਬਰ ਤੇ ਅਰਮਾਨ ਸਮੇਤ ਸਾਰਾ ਹੀ ਸਮਾਜਿਕ ਚੌਗਿਰਦਾ ਕੋਮਲ ਕਲਾਵਾਂ ਨੂੰ ਸਮਰਪਿਤ ਹੈ। ਮੇਰੀ ਹਰ ਪ੍ਰਾਪਤੀ ਵਿੱਚ ਮੇਰੇ ਇਸ ਪਿਛੋਕੜ ਦਾ ਵੱਡਾ ਯੋਗਦਾਨ ਹੈ।
Get all latest content delivered to your email a few times a month.