ਤਾਜਾ ਖਬਰਾਂ
ਚੰਡੀਗੜ੍ਹ, 29 ਮਾਰਚ-
ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਅਤੇ ਵਰਕਰਾਂ ਨੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ, ਪੰਜਾਬ ਯੂਥ ਵਿੰਗ ਦੇ ਕਾਰਜਕਾਰੀ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਅਤੇ ਜਿਲ੍ਹਾ ਪ੍ਰਧਾਨ ਮੋਹਾਲੀ ਪ੍ਰਭਜੋਤ ਕੌਰ ਦੀ ਅਗਵਾਈ ਵਿੱਚ ਹਰਿਆਣਾ ਦੇ ਮੁੱਖ ਮੰਤਰੀ
ਨਾਇਬ ਸਿੰਘ ਸੈਣੀ ਦਾ ਕੁਰਾਲੀ ਦੌਰੇ ਦੌਰਾਨ ਭਾਰੀ ਵਿਰੋਧ ਕੀਤਾ ਅਤੇ ਕਾਲੀਆਂ ਝੰਡੀਆਂ ਦਿਖਾਈਆਂ।
ਪੰਜਾਬ ਯੂਥ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਅੱਜ ਅਸੀਂ ਇਨ੍ਹਾਂ ਦੀ ਦੋਹਰੀ ਸੋਚ ਦੇ ਖਿਲਾਫ਼ ਆਵਾਜ਼ ਉਠਾ ਰਹੇ ਹਾਂ। ਨਾਇਬ ਸੈਣੀ ਅਤੇ ਉਨ੍ਹਾਂ ਦੇ ਸਾਥੀ ਦੋ ਚਿਹਰੇ ਦਿਖਾ ਰਹੇ ਹਨ। ਇੱਕ ਪਾਸੇ ਹਰਿਆਣਾ ਜਾ ਕੇ ਕਹਿੰਦੇ ਹਨ ਕਿ ਸਾਨੂੰ ਪਾਣੀ ਦਿਓ, ਪੰਜਾਬ ਸਾਨੂੰ ਪਾਣੀ ਨਹੀਂ ਦਿੰਦਾ, ਤੇ ਦੂਜੇ ਪਾਸੇ ਪੰਜਾਬ ਵਿੱਚ ਆ ਕੇ ਪੰਜਾਬ ਦੇ ਭਲੇ ਦੀਆਂ ਗੱਲਾਂ ਕਰਦੇ ਹਨ। ਇਹ ਦੋਹਰਾ ਮਾਪਦੰਡ ਕਬੂਲ ਨਹੀਂ। ਇਹ ਗਿਰਗਿੱਟ ਵਾਂਗ ਰੰਗ ਬਦਲਦੇ ਹਨ, ਪਰ ਪੰਜਾਬ ਦੇ ਲੋਕ ਸਭ ਕੁਝ ਸਮਝਦੇ ਹਨ। ਅਸੀਂ ਇਨ੍ਹਾਂ ਨੂੰ ਪੰਜਾਬ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ।
ਗੋਲਡੀ ਨੇ ਕਿਹਾ ਕਿ ਇਹ ਆਪਣੇ ਆਪ ਨੂੰ ਵਿਕਾਸ ਦਾ ਮਾਡਲ ਦੱਸਦੇ ਹਨ ਅਤੇ ਗੁਜਰਾਤ ਮਾਡਲ ਦੀ ਗੱਲ ਕਰਦੇ ਹਨ। ਪਰ ਜਦੋਂ ਅਸੀਂ ਗੁਜਰਾਤ ਦੀ ਹਕੀਕਤ ਵੇਖਦੇ ਹਾਂ, ਤਾਂ ਪਤਾ ਲੱਗਦਾ ਹੈ ਕਿ ਉੱਥੇ ਵੀ ਕਿਸਾਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਕਿਸਾਨਾਂ ਖ਼ਿਲਾਫ਼ ਕਾਨੂੰਨ ਲੈ ਕੇ ਆਏ ਗਏ ਸਨ, ਜਿਨ੍ਹਾਂ ਦੇ ਵਿਰੋਧ ਵਿੱਚ ਪੰਜਾਬ ਸਮੇਤ ਦੇਸ਼ ਭਰ ਦੇ ਹਜ਼ਾਰਾਂ ਕਿਸਾਨਾਂ ਨੇ ਆਪਣੀ ਜਾਨ ਤੱਕ ਕੁਰਬਾਨ ਕੀਤੀ, ਤਦ ਜਾ ਕੇ ਉਹ ਕਾਨੂੰਨ ਵਾਪਸ ਹੋਏ। ਇਹ ਆਪਣੇ ਆਪ ਨੂੰ ਕਿਸਾਨਾਂ ਦੇ ਹਿਤੈਸ਼ੀ ਦੱਸਦੇ ਹਨ, ਪਰ ਅਸਲ ਵਿੱਚ ਕਿਸਾਨੀ ਨੂੰ ਕਮਜ਼ੋਰ ਕਰਨ ਵਾਲੀਆਂ ਨੀਤੀਆਂ ਲਿਆਉਂਦੇ ਹਨ।
ਜਿਲ੍ਹਾ ਪ੍ਰਧਾਨ ਮੋਹਾਲੀ ਪ੍ਰਭਜੋਤ ਕੌਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਰੋਕਿਆ ਹੋਇਆ ਹੈ। ਹੜ੍ਹਾਂ ਦੇ ਸਮੇਂ ਇਨ੍ਹਾਂ ਨੇ 1600 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਅੱਜ ਤੱਕ ਇੱਕ ਪੈਸਾ ਵੀ ਪੰਜਾਬ ਨੂੰ ਨਹੀਂ ਮਿਲਿਆ। ਪੰਜਾਬ ਨੂੰ ਵੀਹ ਹਜ਼ਾਰ ਕਰੋੜ ਰੁਪਏ ਦਾ ਵੱਡਾ ਨੁਕਸਾਨ ਹੋਇਆ, ਪਰ ਫਿਰ ਵੀ ਸੈਂਟਰ ਦੀ ਬੀਜੇਪੀ ਸਰਕਾਰ ਚੁੱਪ ਰਹੀ। ਇਹ ਪੰਜਾਬ ਨਾਲ ਵੱਡਾ ਧੋਖਾ ਹੈ। ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਮੁਸ਼ਕਲ ਵੇਲੇ ਪੰਜਾਬ ਦਾ ਸਾਥ ਦੇਣ ਦੀ ਬਜਾਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਪ੍ਰਭਜੋਤ ਕੌਰ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਇਨ੍ਹਾਂ ਦੀਆਂ ਗੱਲਾਂ ਵਿੱਚ ਨਾ ਆਓ। ਜਿਹੜੇ ਲੋਕ ਮੁਸ਼ਕਲ ਵੇਲੇ ਪੰਜਾਬ ਦੇ ਨਾਲ ਨਹੀਂ ਖੜ੍ਹਦੇ, ਉਹ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੇ। ਪੰਜਾਬ ਦੀ ਅਸਲੀ ਤਾਕਤ ਇੱਥੋਂ ਦੇ ਲੋਕ ਹਨ, ਅਤੇ ਲੋਕ ਹੀ ਫੈਸਲਾ ਕਰਨਗੇ ਕਿ ਪੰਜਾਬ ਦੇ ਹਿੱਤ ਵਿੱਚ ਕੀ ਸਹੀ ਹੈ।
ਇਸ ਮੌਕੇ ਹਲਕਾ ਸੰਗਠਨ ਇੰਚਾਰਜ ਨਵਦੀਪ ਸੈਣੀ, ਵਿਕਾਸ ਮੋਹਨ, ਜਿਲ੍ਹਾ ਪ੍ਰਧਾਨ ਟਰੇਡ ਵਿੰਗ ਤਰਲੋਚਨ ਸਿੰਘ, ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਜਸਬੀਰ ਸਿੰਘ ਬਲੀਆਲੀ, ਸਟੇਟ ਜਨਰਲ ਸੈਕਟਰੀ ਸੰਜੀਵ ਚੌਧਰੀ, ਮਹਿਲਾ ਆਗੂ ਸਵਰਨ ਲਤਾ ਸ਼ਰਮਾ ਆਦਿ ਮਜੂਦ ਸਨ
Get all latest content delivered to your email a few times a month.