IMG-LOGO
ਹੋਮ ਰਾਸ਼ਟਰੀ: 'ਮਨ ਕੀ ਬਾਤ' ਵਿੱਚ ਬੋਲੇ PM ਮੋਦੀ: ਪੱਛਮੀ ਏਸ਼ੀਆ ਦੇ...

'ਮਨ ਕੀ ਬਾਤ' ਵਿੱਚ ਬੋਲੇ PM ਮੋਦੀ: ਪੱਛਮੀ ਏਸ਼ੀਆ ਦੇ ਸੰਕਟ ਵਿਚਾਲੇ ਅਫਵਾਹਾਂ ਤੋਂ ਬਚਣ ਦੀ ਅਪੀਲ; ਸਿੱਖ ਪਰੰਪਰਾ ਅਤੇ ਪਾਂਡੂਲਿਪੀਆਂ ਦਾ ਕੀਤਾ ਜ਼ਿਕਰ

Admin User - Mar 29, 2026 11:59 AM
IMG

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਮਨ ਕੀ ਬਾਤ' ਦੇ 132ਵੇਂ ਐਪੀਸੋਡ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਮੌਜੂਦਾ ਸੰਘਰਸ਼ ਅਤੇ ਗਲੋਬਲ ਚੁਣੌਤੀਆਂ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕੋਵਿਡ ਤੋਂ ਬਾਅਦ ਦੁਨੀਆ ਨੂੰ ਤਰੱਕੀ ਦੀ ਉਮੀਦ ਸੀ, ਪਰ ਲਗਾਤਾਰ ਯੁੱਧ ਦੀਆਂ ਪ੍ਰਸਥਿਤੀਆਂ ਬਣ ਰਹੀਆਂ ਹਨ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਖੇਤਰ ਵਿੱਚ ਯੁੱਧ ਚੱਲ ਰਿਹਾ ਹੈ, ਉਹ ਭਾਰਤ ਦੀਆਂ ਊਰਜਾ ਲੋੜਾਂ ਦਾ ਮੁੱਖ ਕੇਂਦਰ ਹੈ, ਜਿਸ ਕਾਰਨ ਪੈਟਰੋਲ-ਡੀਜ਼ਲ ਦਾ ਸੰਕਟ ਪੈਦਾ ਹੋ ਰਿਹਾ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਅਤੇ ਇਸ ਮੁੱਦੇ 'ਤੇ ਰਾਜਨੀਤੀ ਨਾ ਕੀਤੀ ਜਾਵੇ। ਉਨ੍ਹਾਂ ਖਾੜੀ ਦੇਸ਼ਾਂ ਦਾ ਧੰਨਵਾਦ ਕੀਤਾ ਜੋ ਉੱਥੇ ਰਹਿ ਰਹੇ ਇੱਕ ਕਰੋੜ ਤੋਂ ਵੱਧ ਭਾਰਤੀਆਂ ਦੀ ਮਦਦ ਕਰ ਰਹੇ ਹਨ।


PM ਮੋਦੀ ਨੇ ਦੇਸ਼ ਦੀਆਂ ਪੁਰਾਤਨ ਪਾਂਡੂਲਿਪੀਆਂ (Manuscripts) ਨੂੰ ਸੰਭਾਲਣ ਲਈ 'ਗਿਆਨ ਭਾਰਤਮ' ਮੁਹਿੰਮ ਦਾ ਜ਼ਿਕਰ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਅੰਮ੍ਰਿਤਸਰ ਦੇ ਭਾਈ ਅਮਿਤ ਸਿੰਘ ਰਾਣਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਗੁਰਮੁਖੀ ਲਿਪੀ ਵਿੱਚ ਪਾਂਡੂਲਿਪੀਆਂ ਸਾਂਝੀਆਂ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੀ ਮਹਾਨ ਸਿੱਖ ਪਰੰਪਰਾ ਅਤੇ ਪੰਜਾਬੀ ਭਾਸ਼ਾ ਦਾ ਅਨਮੋਲ ਖ਼ਜ਼ਾਨਾ ਹਨ।


ਪ੍ਰਧਾਨ ਮੰਤਰੀ ਨੇ ਟੀ-20 ਵਿਸ਼ਵ ਕੱਪ ਦੀ ਜਿੱਤ ਅਤੇ ਜੰਮੂ-ਕਸ਼ਮੀਰ ਕ੍ਰਿਕਟ ਟੀਮ ਵੱਲੋਂ ਰਣਜੀ ਟਰਾਫੀ ਜਿੱਤਣ 'ਤੇ ਵਧਾਈ ਦਿੱਤੀ। ਉਨ੍ਹਾਂ ਕਪਤਾਨ ਪਾਰਸ ਡੋਗਰਾ ਅਤੇ 60 ਵਿਕਟਾਂ ਲੈਣ ਵਾਲੇ ਨੌਜਵਾਨ ਗੇਂਦਬਾਜ਼ ਆਕਿਬ ਦੀ ਖ਼ਾਸ ਤੌਰ 'ਤੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ 'ਜੋ ਖੇਡੇਗਾ ਉਹ ਖਿਲੇਗਾ' ਦੇ ਮੰਤਰ ਨਾਲ ਦੇਸ਼ ਦੇ ਨੌਜਵਾਨ ਹਰ ਖੇਡ ਵਿੱਚ ਅੱਗੇ ਵਧ ਰਹੇ ਹਨ।


ਯੋਗ ਦਿਵਸ ਨੂੰ ਮੁੱਖ ਰੱਖਦਿਆਂ ਪੀ.ਐਮ. ਨੇ ਲੋਕਾਂ ਨੂੰ ਫਿਟਨੈਸ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇੱਕ ਦਿਲਚਸਪ ਕਿੱਸਾ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਯੁਵਰਾਜ ਦੁਆ ਦੇ ਪਿਤਾ ਨੇ ਉਨ੍ਹਾਂ ਦੇ ਕਹਿਣ 'ਤੇ ਸ਼ੂਗਰ ਘੱਟ ਕਰ ਦਿੱਤੀ। ਪੀ.ਐਮ. ਨੇ ਸਾਰਿਆਂ ਨੂੰ ਖਾਣੇ ਵਿੱਚ 10 ਪ੍ਰਤੀਸ਼ਤ ਤੇਲ ਦੀ ਕਟੌਤੀ ਕਰਨ ਦੀ ਅਪੀਲ ਕੀਤੀ ਤਾਂ ਜੋ ਮੋਟਾਪੇ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ।


ਗਰਮੀਆਂ ਦੀ ਸ਼ੁਰੂਆਤ ਨੂੰ ਦੇਖਦਿਆਂ ਉਨ੍ਹਾਂ 'ਅੰਮ੍ਰਿਤ ਸਰੋਵਰ' ਅਤੇ ਜਲ ਸੰਭਾਲ ਮੁਹਿੰਮਾਂ ਵਿੱਚ ਜਨਤਕ ਭਾਗੀਦਾਰੀ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਵਾਰਾਣਸੀ ਵਿੱਚ ਇੱਕ ਘੰਟੇ 'ਚ 2.51 ਲੱਖ ਪੌਦੇ ਲਗਾ ਕੇ ਬਣਾਏ ਗਏ ਗਿਨੀਜ਼ ਵਰਲਡ ਰਿਕਾਰਡ ਦੀ ਵੀ ਸ਼ਲਾਘਾ ਕੀਤੀ। ਅੰਤ ਵਿੱਚ ਉਨ੍ਹਾਂ 'ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ' ਰਾਹੀਂ ਵਧ ਰਹੇ ਸੋਲਰ ਪੈਨਲਾਂ ਦੇ ਚਲਨ ਨੂੰ ਦੇਸ਼ ਦੀ ਆਤਮ-ਨਿਰਭਰਤਾ ਦਾ ਪ੍ਰਤੀਕ ਦੱਸਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.