ਤਾਜਾ ਖਬਰਾਂ
ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦੇ ਰਹਿਣ ਵਾਲੇ ਅਤੇ 'ਇੰਦਰ ਪੱਗੜੀ ਹਾਊਸ' ਦੇ ਮਾਲਕ ਬਲਵਿੰਦਰ ਸਿੰਘ ਨੇ ਫਿਲਮ ਜਗਤ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਉਂਦਿਆਂ ਕਈ ਵੱਡੇ ਖੁਲਾਸੇ ਕੀਤੇ ਹਨ। ਫਿਲਮ “ਧੁਰੰਧਰ” ਅਤੇ “ਧੁਰੰਧਰ 2” ਵਿੱਚ ਬਤੌਰ 'ਟਰਬਨ ਸਟਾਈਲਿਸਟ' ਕੰਮ ਕਰਨ ਵਾਲੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਵੱਡਾ ਮੌਕਾ ਇੱਕ ਹਾਲੀਵੁੱਡ ਪ੍ਰੋਜੈਕਟ ਵਿੱਚ ਅਨੁਪਮ ਖੇਰ ਲਈ ਦਸਤਾਰ ਸਜਾਉਣ ਦੀ ਮਹਾਰਤ ਕਾਰਨ ਮਿਲਿਆ ਹੈ।
ਬਲਵਿੰਦਰ ਸਿੰਘ ਅਨੁਸਾਰ, ਉਹ ਲਗਭਗ ਢਾਈ ਮਹੀਨਿਆਂ ਤੱਕ “ਧੁਰੰਧਰ 2” ਦੀ ਟੀਮ ਨਾਲ ਜੁੜੇ ਰਹੇ। ਇਸ ਦੌਰਾਨ ਉਨ੍ਹਾਂ ਨੇ ਬਾਲੀਵੁੱਡ ਸਟਾਰ ਰਣਵੀਰ ਸਿੰਘ ਲਈ 'ਪਟਿਆਲਾ ਸ਼ਾਹੀ' ਅਤੇ 'ਸੈਮੀ ਪਟਿਆਲਾ ਸ਼ਾਹੀ' ਅੰਦਾਜ਼ ਦੀਆਂ ਦਸਤਾਰਾਂ ਸਜਾਈਆਂ। ਉਨ੍ਹਾਂ ਦੱਸਿਆ ਕਿ ਅਦਾਕਾਰ ਅਕਸ਼ੈ ਖੰਨਾ ਲਈ ਵੀ ਇੱਕ ਵੱਖਰਾ ਸਟਾਈਲ ਵਰਤਿਆ ਗਿਆ ਹੈ।
ਸਭ ਤੋਂ ਚੁਣੌਤੀਪੂਰਨ ਤਜਰਬੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬਲੋਚਿਸਤਾਨੀ ਸਟਾਈਲ ਦੀ ਦਸਤਾਰ ਉਨ੍ਹਾਂ ਲਈ ਬਿਲਕੁਲ ਨਵੀਂ ਸੀ। ਇਸ ਨੂੰ ਸਹੀ ਢੰਗ ਨਾਲ ਬੰਨ੍ਹਣ ਲਈ ਉਨ੍ਹਾਂ ਨੇ ਕਈ ਵੀਡੀਓਜ਼ ਅਤੇ ਤਸਵੀਰਾਂ ਦੇਖ ਕੇ ਘਰ ਵਿੱਚ ਲਗਾਤਾਰ ਅਭਿਆਸ ਕੀਤਾ।
ਸ਼ੂਟਿੰਗ ਦੌਰਾਨ ਰਣਵੀਰ ਸਿੰਘ ਨਾਲ ਬਿਤਾਏ ਪਲਾਂ ਨੂੰ ਸਾਂਝਾ ਕਰਦਿਆਂ ਬਲਵਿੰਦਰ ਨੇ ਕਿਹਾ ਕਿ ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ ਅਤੇ ਦਿੱਲੀ ਵਰਗੇ ਸ਼ਹਿਰਾਂ ਵਿੱਚ ਮੁਲਾਕਾਤਾਂ ਹੋਈਆਂ। ਇੱਕ ਯਾਦਗਾਰ ਕਿੱਸਾ ਸੁਣਾਉਂਦਿਆਂ ਉਨ੍ਹਾਂ ਦੱਸਿਆ ਕਿ ਜਦੋਂ ਉਹ ਸ਼ੂਟਿੰਗ ਦੌਰਾਨ ਬਿਮਾਰ ਹੋ ਗਏ ਸਨ, ਤਾਂ ਰਣਵੀਰ ਸਿੰਘ ਨੇ ਖੁਦ ਉਨ੍ਹਾਂ ਦਾ ਹਾਲ-ਚਾਲ ਪੁੱਛਿਆ, ਜਿਸ ਨਾਲ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ।
ਫਿਲਮ ਦੇ ਪੋਸਟਰ ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਟਿੱਪਣੀ ਕਰਦਿਆਂ ਬਲਵਿੰਦਰ ਸਿੰਘ ਨੇ ਕਿਹਾ ਕਿ ਪੋਸਟਰ ਵਿੱਚ ਦਿਖਾਈ ਗਈ ਪੱਗ ਉਨ੍ਹਾਂ ਦੇ ਹੱਥ ਦੀ ਬੰਨ੍ਹੀ ਹੋਈ ਨਹੀਂ ਲੱਗਦੀ। ਉਨ੍ਹਾਂ ਮੁਤਾਬਕ, ਪੋਸਟਰ ਵਾਲੀ ਦਸਤਾਰ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੀ ਗਈ ਪੱਗ ਵਿੱਚ ਜ਼ਮੀਨ-ਆਸਮਾਨ ਦਾ ਅੰਤਰ ਹੈ, ਜਿਸ ਤੋਂ ਸਾਫ਼ ਲੱਗਦਾ ਹੈ ਕਿ ਇਹ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਰਾਹੀਂ ਤਿਆਰ ਕੀਤੀ ਗਈ ਹੋ ਸਕਦੀ ਹੈ।
ਆਪਣੇ ਸੰਦੇਸ਼ ਵਿੱਚ ਬਲਵਿੰਦਰ ਸਿੰਘ ਨੇ ਪੰਜਾਬੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੇਸਾਂ ਦੀ ਸੰਭਾਲ ਕਰਨ ਅਤੇ ਦਸਤਾਰ ਦੇ ਗੌਰਵਮਈ ਵਿਰਸੇ ਵੱਲ ਵਾਪਸ ਆਉਣ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਪੱਗ ਬੰਨ੍ਹਣਾ ਸਿੱਖਣਾ ਚਾਹੁੰਦੇ ਹਨ, ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਸਿੱਖੀ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।
Get all latest content delivered to your email a few times a month.