ਤਾਜਾ ਖਬਰਾਂ
ਲੁਧਿਆਣਾ ਦੀ ਅਦਾਲਤ ਨੇ 2021 ਦੇ ਚਰਚਿਤ ਏਪੀਐਲ ਕਣਕ ਘੁਟਾਲੇ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਉਂਦੇ ਹੋਏ 17 ਦੋਸ਼ੀਆਂ ਨੂੰ ਸਜ਼ਾਵਾਂ ਸੁਣਾਈਆਂ ਹਨ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਸਪੈਸ਼ਲ ਜੱਜ ਅਮਰਿੰਦਰ ਸਿੰਘ ਸ਼ੇਰਗਿੱਲ ਨੇ 13 ਦੋਸ਼ੀਆਂ ਨੂੰ 5-5 ਸਾਲ ਦੀ ਕੈਦ ਅਤੇ 4 ਹੋਰਾਂ ਨੂੰ 4-4 ਸਾਲ ਦੀ ਕੈਦ ਦੀ ਸਜ਼ਾ ਸੁਣਾਈ।
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਜਾਂਚ ਦੌਰਾਨ ਖੁਲਾਸਾ ਕੀਤਾ ਕਿ ਮਾਛੀਵਾੜਾ ਸਾਹਿਬ ਦੇ ਪਨਗਰੇਨ ਗੋਦਾਮ ਤੋਂ ਗਰੀਬ ਲੋਕਾਂ ਲਈ ਆਈ ਸਰਕਾਰੀ ਕਣਕ ਦੀਆਂ 1100 ਤੋਂ ਵੱਧ ਬੋਰੀਆਂ ਨੂੰ ਜਾਲਸਾਜ਼ੀ ਨਾਲ ਗੋਦਾਮ ਤੋਂ ਬਾਹਰ ਕੱਢਿਆ ਗਿਆ। ਦੋਸ਼ੀਆਂ ਨੇ ਫਰਜ਼ੀ ਗੇਟ ਪਾਸ ਅਤੇ ਦਸਤਾਵੇਜ਼ ਤਿਆਰ ਕਰਕੇ ਇਸ ਕਣਕ ਨੂੰ ਨਿੱਜੀ ਮਿੱਲਾਂ ਨੂੰ ਵੇਚ ਦਿੱਤਾ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਸ ਘੁਟਾਲੇ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਨਿੱਜੀ ਵਿਅਕਤੀਆਂ ਵਿਚਕਾਰ ਸਾਂਝ ਸੀ। ਯੋਗ ਲਾਭਪਾਤਰੀਆਂ ਤੱਕ ਅਨਾਜ ਪਹੁੰਚਾਉਣ ਦੀ ਬਜਾਏ, ਇਸ ਨੂੰ ਗੈਰਕਾਨੂੰਨੀ ਤਰੀਕੇ ਨਾਲ ਵੇਚ ਕੇ ਨਿੱਜੀ ਫਾਇਦਾ ਕਮਾਇਆ ਗਿਆ।
ਕੁੱਲ 30 ਮੁਲਜ਼ਮਾਂ ਵਿੱਚੋਂ 17 ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਜਦਕਿ 6 ਨੂੰ ਬਰੀ ਕੀਤਾ ਗਿਆ। ਮਾਮਲੇ ਦੀ ਸੁਣਵਾਈ ਦੌਰਾਨ 5 ਦੋਸ਼ੀਆਂ ਦੀ ਮੌਤ ਹੋ ਗਈ ਅਤੇ ਇੱਕ ਨੂੰ ਅਦਾਲਤ ਵੱਲੋਂ ਭਗੌੜਾ ਐਲਾਨਿਆ ਗਿਆ।
ਇਹ ਫੈਸਲਾ ਸਰਕਾਰੀ ਅਨਾਜ ਦੀ ਹੇਰਾਫੇਰੀ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਇੱਕ ਸਖ਼ਤ ਸੰਦੇਸ਼ ਵਜੋਂ ਵੇਖਿਆ ਜਾ ਰਿਹਾ ਹੈ, ਜੋ ਭਵਿੱਖ ਵਿੱਚ ਅਜਿਹੇ ਮਾਮਲਿਆਂ 'ਤੇ ਨਕੇਲ ਪਾਉਣ ਲਈ ਮਹੱਤਵਪੂਰਨ ਕਦਮ ਹੈ।
Get all latest content delivered to your email a few times a month.