ਤਾਜਾ ਖਬਰਾਂ
ਪੰਜਾਬ ਦੇ ਨਾਮੀ ਡੇਅਰੀ ਬ੍ਰਾਂਡ 'ਵੇਰਕਾ' ਲਈ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਫੌਜ ਨੇ ਗੁਣਵੱਤਾ ਦੇ ਨਿਰਧਾਰਤ ਮਾਪਦੰਡਾਂ 'ਤੇ ਖਰਾ ਨਾ ਉਤਰਨ ਕਾਰਨ ਵੇਰਕਾ ਦੇ ਲਗਭਗ 125 ਮੀਟ੍ਰਿਕ ਟਨ ਮਿਲਕ ਪਾਊਡਰ (ਸੁੱਕਾ ਦੁੱਧ) ਦੀ ਖੇਪ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਵੱਡੀ ਕਾਰਵਾਈ ਤੋਂ ਬਾਅਦ ਮਿਲਕਫੈੱਡ ਹਰਕਤ ਵਿੱਚ ਆ ਗਿਆ ਹੈ ਅਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਦੋ ਵੱਡੇ ਬੈਚਾਂ ਵਿੱਚ ਮਿਲੀ ਖ਼ਾਮੀ
ਜਾਣਕਾਰੀ ਅਨੁਸਾਰ, ਜੰਮੂ ਵਿੱਚ ਤਾਇਨਾਤ 'ਆਰਮੀ ਸਰਵਿਸ ਕੋਰ' (ASC) ਦੀ ਇੱਕ ਯੂਨਿਟ ਨੇ ਲੁਧਿਆਣਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਨੂੰ ਪੱਤਰ ਲਿਖ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਫੌਜ ਅਨੁਸਾਰ ਲੁਧਿਆਣਾ ਯੂਨਿਟ ਵੱਲੋਂ ਸਪਲਾਈ ਕੀਤੇ ਗਏ ਦੁੱਧ ਪਾਊਡਰ ਦੇ ਦੋ ਬੈਚ ਟੈਸਟਿੰਗ ਦੌਰਾਨ ਫੇਲ੍ਹ ਪਾਏ ਗਏ ਹਨ।
ਪਹਿਲਾ ਬੈਚ: 58.338 ਮੀਟ੍ਰਿਕ ਟਨ
ਦੂਜਾ ਬੈਚ: 66.654 ਮੀਟ੍ਰਿਕ ਟਨ
ਫੌਜ ਨੇ ਸਪੱਸ਼ਟ ਕੀਤਾ ਹੈ ਕਿ ਇਹ ਉਤਪਾਦ ਸੁਰੱਖਿਆ ਬਲਾਂ ਲਈ ਨਿਰਧਾਰਤ ਕੀਤੇ ਗਏ ਸਖ਼ਤ ਮਿਆਰਾਂ ਨੂੰ ਪੂਰਾ ਨਹੀਂ ਕਰਦਾ, ਜਿਸ ਕਾਰਨ ਪੂਰੀ ਖੇਪ ਵਾਪਸ ਭੇਜੀ ਜਾ ਰਹੀ ਹੈ।
ਇਸ ਗੰਭੀਰ ਮੁੱਦੇ ਦੀ ਨਿਗਰਾਨੀ ਹੁਣ ਉੱਚ ਪੱਧਰ 'ਤੇ ਕੀਤੀ ਜਾ ਰਹੀ ਹੈ। ਫੌਜ ਵੱਲੋਂ ਭੇਜੇ ਗਏ ਪੱਤਰ ਦੀ ਇੱਕ ਕਾਪੀ ਰੱਖਿਆ ਮੰਤਰਾਲੇ ਦੇ 'ਖਰੀਦ ਤੇ ਖੁਰਾਕ ਨਿਰੀਖਣ ਸੰਗਠਨ' ਦੇ ਮੁੱਖ ਨਿਰਦੇਸ਼ਕ ਨੂੰ ਵੀ ਭੇਜੀ ਗਈ ਹੈ। ਮਿਲਕਫੈੱਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਪੜਤਾਲ ਕਰ ਰਹੇ ਹਨ ਕਿ ਪ੍ਰੋਸੈਸਿੰਗ ਦੌਰਾਨ ਗੁਣਵੱਤਾ ਵਿੱਚ ਕਿੱਥੇ ਕਮੀ ਰਹਿ ਗਈ।
ਜ਼ਿਕਰਯੋਗ ਹੈ ਕਿ 1973 ਵਿੱਚ ਸਥਾਪਿਤ ਹੋਇਆ 'ਵੇਰਕਾ' ਪੰਜਾਬ ਦਾ ਸਭ ਤੋਂ ਭਰੋਸੇਮੰਦ ਬ੍ਰਾਂਡ ਮੰਨਿਆ ਜਾਂਦਾ ਹੈ। ਵਿੱਤੀ ਸਾਲ 2024-25 ਵਿੱਚ 6,395 ਕਰੋੜ ਰੁਪਏ ਦਾ ਰਿਕਾਰਡ ਕਾਰੋਬਾਰ ਕਰਨ ਵਾਲਾ ਇਹ ਅਦਾਰਾ ਦੁਨੀਆ ਦੇ 11 ਦੇਸ਼ਾਂ ਵਿੱਚ ਆਪਣੇ ਉਤਪਾਦ ਨਿਰਯਾਤ ਕਰਦਾ ਹੈ। ਅੰਮ੍ਰਿਤਸਰ ਦੇ ਵੇਰਕਾ ਕਸਬੇ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਲੱਖਾਂ ਡੇਅਰੀ ਕਿਸਾਨਾਂ ਦੀ ਰੋਜ਼ੀ-ਰੋਟੀ ਦਾ ਆਧਾਰ ਹੈ। ਅਜਿਹੇ ਵਿੱਚ ਭਾਰਤੀ ਫੌਜ ਵਰਗੇ ਵੱਕਾਰੀ ਅਦਾਰੇ ਵੱਲੋਂ ਸਪਲਾਈ ਰੱਦ ਕੀਤੇ ਜਾਣ ਨਾਲ ਬ੍ਰਾਂਡ ਦੀ ਸਾਖ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
Get all latest content delivered to your email a few times a month.