ਤਾਜਾ ਖਬਰਾਂ
ਚੰਡੀਗੜ੍ਹ, 26 ਮਾਰਚ ਚੰਡੀਗੜ੍ਹ ਦੇ ਸੁਖਨਾ ਲੇਕ ‘ਤੇ 27 ਅਤੇ 28 ਮਾਰਚ ਨੂੰ ਹੋਣ ਜਾ ਰਹੇ ਏਅਰ ਸ਼ੋਅ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਵਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੌਰਾਨ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਕੁਝ ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਰਹੇਗੀ।
ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਓਲਡ ਬੈਰੀਕੇਡ ਚੌਕ (ਸੈਕਟਰ 1/3/4) ਤੋਂ ਉੱਤਰ ਮਾਰਗ ਰਾਹੀਂ ਹੀਰਾ ਸਿੰਘ ਚੌਕ (ਸੈਕਟਰ 5/6-7/8) ਸਰੋਵਰ ਪਾਥ ਤੱਕ ਟ੍ਰੈਫਿਕ ਰੋਕਿਆ ਜਾਵੇਗਾ। ਇਸੇ ਤਰ੍ਹਾਂ ਨਿਊ ਬੈਰੀਕੇਡ ਚੌਕ (ਸੈਕਟਰ- 3/4/9/10) ਤੋਂ ਵਿਗਿਆਨ ਪਾਥ ਰਾਹੀਂ ਹੀਰਾ ਸਿੰਘ ਚੌਕ ਤੱਕ ਅਤੇ ਸੇਂਟ ਕਬੀਰ ਲਾਈਟ ਪਾਇੰਟ ਤੋਂ ਚੰਡੀਗੜ੍ਹ ਗੋਲਫ ਕਲੱਬ ਰਾਹੀਂ ਵੀ ਆਵਾਜਾਈ ਸੀਮਤ ਰਹੇਗੀ।
ਪੁਲਿਸ ਵਲੋਂ ਦੱਸਿਆ ਗਿਆ ਹੈ ਕਿ ਦਰਸ਼ਕਾਂ ਨੂੰ ਸੁਖਨਾ ਲੇਕ ਤੱਕ ਪਹੁੰਚਣ ਲਈ ਨਿਰਧਾਰਿਤ ਪਿਕਅੱਪ ਪੁਆਇੰਟ ਤੋਂ ਬੱਸ ਸੇਵਾ ਦੀ ਵਰਤੋਂ ਕਰਨੀ ਹੋਵੇਗੀ। ਇਸ ਤੋਂ ਇਲਾਵਾ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਓਲਡ ਬੈਰੀਕੇਡ ਚੌਕ ਤੋਂ ਹੀਰਾ ਸਿੰਘ ਚੌਕ ਤੱਕ ਪੈਦਲ ਆਵਾਜਾਈ ’ਤੇ ਵੀ ਰੋਕ ਰਹੇਗੀ। ਉਕਤ ਦਿਨਾਂ ਦੌਰਾਨ ਸੁਖਨਾ ਲੇਕ ’ਤੇ ਆਮ ਲੋਕਾਂ ਲਈ ਮਨੋਰੰਜਨ ਗਤੀਵਿਧੀਆਂ ਵੀ ਬੰਦ ਰਹਿਣਗੀਆਂ।
ਪੁਲਿਸ ਅਨੁਸਾਰ ਜ਼ਰੂਰੀ ਸੇਵਾਵਾਂ ਜਿਵੇਂ ਮੈਡੀਕਲ ਐਮਰਜੈਂਸੀ, ਐਂਬੂਲੈਂਸ ਅਤੇ ਅੰਤਿਮ ਸੰਸਕਾਰ ਨਾਲ ਸੰਬੰਧਿਤ ਵਾਹਨਾਂ ਦੀ ਆਵਾਜਾਈ ਨੂੰ ਸਹੂਲਤ ਦਿੱਤੀ ਜਾਵੇਗੀ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਪਹਿਲਾਂ ਤੋਂ ਯੋਜਨਾ ਬਣਾ ਕੇ ਯਾਤਰਾ ਕਰਨ।
ਇਸ ਮੌਕੇ ਸੱਤ ਵਿਸ਼ੇਸ਼ ਪਿੱਕਅੱਪ ਪੁਆਇੰਟ ਤੈਅ ਕੀਤੇ ਗਏ ਹਨ, ਜਿਸ ਵਿਚ ਰੇਲਵੇ ਕਾਲੋਨੀ ਗਰਾਊਂਡ ਮਨੀਮਾਜਰਾ, ਦੁਸਹਿਰਾ ਗਰਾਊਂਡ ਮਨੀਮਾਜਰਾ, ਸੈਕਟਰ-17 ਪਰੇਡ ਗਰਾਊਂਡ, ਸੈਕਟਰ-25 ਰੈਲੀ ਗਰਾਊਂਡ, ਸੈਕਟਰ-34 ਮੇਲਾ ਗਰਾਊਂਡ, ਕਲਾ ਗ੍ਰਾਮ ਨੇੜੇ ਪਾਰਕਿੰਗ, ਆਈ.ਟੀ. ਪਾਰਕ ਨੇੜੇ ਲਲਿਤ ਹੋਟਲ ਪਾਰਕਿੰਗ ਆਦਿ ਸ਼ਾਮਿਲ ਹਨ।
Get all latest content delivered to your email a few times a month.