ਤਾਜਾ ਖਬਰਾਂ
ਚੰਡੀਗੜ੍ਹ ਪ੍ਰਸ਼ਾਸਨ ਨੇ ਵਿੱਤੀ ਸਾਲ 2026-27 ਲਈ ਆਪਣੀ ਨਵੀਂ ਆਬਕਾਰੀ ਨੀਤੀ (Excise Policy) ਦਾ ਐਲਾਨ ਕਰ ਦਿੱਤਾ ਹੈ। ਮੰਗਲਵਾਰ ਦੇਰ ਰਾਤ ਜਾਰੀ ਕੀਤੇ ਗਏ ਇਨ੍ਹਾਂ ਨਵੇਂ ਨਿਯਮਾਂ ਵਿੱਚ ਸ਼ਰਾਬ ਦੀ ਵਿਕਰੀ ਦੇ ਰਵਾਇਤੀ ਤਰੀਕਿਆਂ ਨੂੰ ਬਦਲਦਿਆਂ ਕਈ ਵੱਡੇ ਫੈਸਲੇ ਲਏ ਗਏ ਹਨ। ਨਵੀਂ ਨੀਤੀ ਤਹਿਤ ਜਿੱਥੇ ਲਾਇਸੈਂਸ ਫੀਸਾਂ ਵਿੱਚ ਬਦਲਾਅ ਕੀਤਾ ਗਿਆ ਹੈ, ਉੱਥੇ ਹੀ ਸੁਰੱਖਿਆ ਮਾਪਦੰਡਾਂ ਨੂੰ ਲੈ ਕੇ ਨਵੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ।
ਇਸ ਵਾਰ ਦੀ ਨੀਤੀ ਵਿੱਚ ਸਭ ਤੋਂ ਹੈਰਾਨੀਜਨਕ ਫੈਸਲਾ ਪੈਟਰੋਲ ਪੰਪਾਂ ਅਤੇ ਡਿਪਾਰਟਮੈਂਟਲ ਸਟੋਰਾਂ ਵਿੱਚ ਸ਼ਰਾਬ ਦੀ ਵਿਕਰੀ ਨੂੰ ਹਰੀ ਝੰਡੀ ਦੇਣਾ ਹੈ। ਪ੍ਰਸ਼ਾਸਨ ਦਾ ਮਕਸਦ ਸ਼ਰਾਬ ਦੀਆਂ ਦੁਕਾਨਾਂ ਨੂੰ ਸੁੰਨਸਾਨ ਥਾਵਾਂ ਤੋਂ ਹਟਾ ਕੇ ਜਨਤਕ ਥਾਵਾਂ 'ਤੇ ਲਿਆਉਣਾ ਹੈ। ਹਾਲਾਂਕਿ, ਇਸ ਲਈ ਕੁਝ ਸਖ਼ਤ ਸ਼ਰਤਾਂ ਰੱਖੀਆਂ ਗਈਆਂ ਹਨ:
ਸਿਰਫ਼ ਉਹ ਸਟੋਰ ਹੀ ਸ਼ਰਾਬ ਵੇਚ ਸਕਣਗੇ ਜਿਨ੍ਹਾਂ ਦੀ ਸਾਲਾਨਾ ਜੀਐਸਟੀ (GST) ਰਿਟਰਨ 3 ਕਰੋੜ ਰੁਪਏ ਤੋਂ ਵੱਧ ਹੋਵੇਗੀ।
ਇਨ੍ਹਾਂ ਸਥਾਨਾਂ 'ਤੇ ਰਾਤ 12 ਵਜੇ ਤੱਕ ਸ਼ਰਾਬ ਉਪਲਬਧ ਹੋਵੇਗੀ।
ਨਵੀਂ ਨੀਤੀ ਅਨੁਸਾਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਠੇਕਿਆਂ ਦੀ ਰਿਜ਼ਰਵ ਕੀਮਤ ਤੈਅ ਕੀਤੀ ਗਈ ਹੈ। ਇਸ ਵਾਰ ਪਿੰਡ ਪਲਸੋਰਾ ਦਾ ਠੇਕਾ ਸ਼ਹਿਰ ਦਾ ਸਭ ਤੋਂ ਮਹਿੰਗਾ ਠੇਕਾ ਬਣ ਕੇ ਉੱਭਰਿਆ ਹੈ, ਜਿਸ ਦੀ ਰਿਜ਼ਰਵ ਕੀਮਤ 11.41 ਕਰੋੜ ਰੁਪਏ ਨਿਰਧਾਰਤ ਕੀਤੀ ਗਈ ਹੈ। ਇਸ ਦੇ ਉਲਟ, ਸੈਕਟਰ-41 ਦੀ ਮਾਰਕੀਟ ਵਿੱਚ ਸਭ ਤੋਂ ਸਸਤਾ ਠੇਕਾ ਹੈ, ਜਿਸ ਦੀ ਰਿਜ਼ਰਵ ਕੀਮਤ 1.93 ਕਰੋੜ ਰੁਪਏ ਰੱਖੀ ਗਈ ਹੈ।
ਹੋਟਲ ਅਤੇ ਰੈਸਟੋਰੈਂਟ ਸੰਚਾਲਕਾਂ ਲਈ ਬਾਰ ਲਾਇਸੈਂਸ (L-3 ਤੋਂ L-10AA ਫਾਰਮ) ਲੈਣ ਦੀ ਪ੍ਰਕਿਰਿਆ ਨੂੰ ਸਪੱਸ਼ਟ ਕੀਤਾ ਗਿਆ ਹੈ। ਨਿਯਮਾਂ ਮੁਤਾਬਕ ਲਾਇਸੈਂਸ ਉਦੋਂ ਹੀ ਦਿੱਤਾ ਜਾਵੇਗਾ ਜਦੋਂ ਹੋਟਲ ਅਸਲ ਵਿੱਚ ਚੱਲਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ, ਬਾਰ ਲਾਇਸੈਂਸ ਮਿਲਣ ਦੇ 15 ਦਿਨਾਂ ਬਾਅਦ ਸੰਚਾਲਕ ਮਾਈਕ੍ਰੋ-ਬਰੂਅਰੀ ਲਾਇਸੈਂਸ ਲਈ ਅਰਜ਼ੀ ਦੇ ਸਕਣਗੇ।
ਸ਼ਰਾਬ ਪੀ ਕੇ ਗੱਡੀ ਚਲਾਉਣ (Drunken Driving) ਦੇ ਮਾਮਲਿਆਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਸਖ਼ਤੀ ਦਿਖਾਈ ਹੈ। ਹੁਣ ਹਰ ਹੋਟਲ, ਬਾਰ ਅਤੇ ਪੱਬ ਲਈ ਆਪਣੇ ਅਹਾਤੇ ਵਿੱਚ ਅਲਕੋਹਲ ਮੀਟਰ ਰੱਖਣਾ ਲਾਜ਼ਮੀ ਹੋਵੇਗਾ, ਤਾਂ ਜੋ ਗਾਹਕ ਆਪਣੀ ਸਥਿਤੀ ਦੀ ਜਾਂਚ ਕਰ ਸਕਣ।
Get all latest content delivered to your email a few times a month.