ਤਾਜਾ ਖਬਰਾਂ
ਲੁਧਿਆਣਾ: 23 ਮਾਰਚ-
ਸੱਰੀ(ਕੈਨੇਡਾ) ਤੋਂ ਛਪਦੇ ਦੇ ਹਫ਼ਤਾਵਾਰੀ ਅਖ਼ਬਾਰਾਂ “ਅਕਾਲ ਗਾਰਡੀਅਨ” ਅਤੇ “ਪੰਜਾਬੀ ਟ੍ਰਿਬਿਊਨ ਕੈਨੇਡਾ”ਸੰਪਾਦਕਾਂ ਹਰਕੀਰਤ ਸਿੰਘ ਕੋਲਾਰ ਤੇ ਰਛਪਾਲ ਸਿੰਘ ਗਿੱਲ ਦਾ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੁਸਤਕਾਂ “ਅੱਖਰ ਅੱਖਰ”(ਗੁਰਭਜਨ ਗਿੱਲ)”ਗੰਗਾ ਸਾਗਰ”(ਡਾ. ਗੁਰਦੇਵ ਸਿੰਘ ਸਿੱਧੂ)”ਰਾਵੀ ਦਾ ਰਾਠ “ ਤੇ “ਜੱਗਾ ਸੂਰਮਾ”(ਧਰਮ ਸਿੰਘ ਗੋਰਾਇਆ)ਤੇ ਕੁਝ ਹੋਰ ਸਾਹਿੱਤਕ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਤ ਕੀਤਾ ਗਿਆ।
ਵਰਣਨਯੋਗ ਤੇ ਮਾਣ ਵਾਲੀ ਗੱਲ ਇਹ ਹੈ ਕਿ ਹਰਕੀਰਤ ਸਿੰਘ ਕੋਲਾਰ ਤੇ ਰਛਪਾਲ ਸਿੰਘ ਗਿੱਲ ਪਿਛਲੇ 35 ਸਾਲ ਤੋਂ ਕੈਨੇਡਾ ਵਿੱਚ ਲਗਾਤਾਰ ਪੰਜਾਬੀ ਅਖ਼ਬਾਰ ਪ੍ਰਕਾਸ਼ਿਤ ਕਰ ਰਹੇ ਹਨ।
ਸ. ਹਰਕੀਰਤ ਸਿੰਘ ਕੋਲਾਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਵੀ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਅਕਾਡਮੀ ਵਿੱਚ ਕੈਨੇਡਾ ਵੱਸਦੇ ਕਿਸੇ ਇੱਕ ਲੇਖਕ ਨੂੰ ਆਪਣਾ ਪ੍ਰਤੀਨਿਧ ਨਾਮਜ਼ਦ ਕੀਤਾ ਜਾਵੇ ਜਿਸ ਰਾਹੀਂ ਅਕਾਡਮੀ ਦੇ ਪੁਸਤਕ ਪ੍ਰਕਾਸ਼ਨ ਜਾਂ ਕਿਸੇ ਵੀ ਹੋਰ ਪ੍ਰਾਜੈਕਟ ਲਈ ਵੱਡੀ ਧਿਰ ਬਣਿਆ ਜਾ ਸਕਦਾ ਹੈ। ਇਸ ਸਬੰਧੀ ਉਨ੍ਹਾਂ ਫੋਨ ਤੇ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਨੂੰ ਵੀ ਆਪਣੀ ਭਾਵਨਾ ਤੋਂ ਜਾਣੂੰ ਕਰਵਾਇਆ।
ਸ. ਹਰਕੀਰਤ ਸਿੰਘ ਕੋਲਾਰ ਨੇ ਸਾਬਕਾ ਮੈਂਬਰ ਪਾਰਲੀਮੈਂਟ ਸ. ਤਰਲੋਚਨ ਸਿੰਘ ਤੇ ਕੁਝ ਹੋਰ ਲੇਖਕਾਂ ਨੂੰ ਵੀ ਸੰਪਰਕ ਕਰਕੇ ਅਪੀਲ ਕੀਤੀ ਕਿ ਉਹ ਮਾਂ ਬੋਲੀ ਪੰਜਾਬੀ ਦੇ ਵਿਕਾਸ, ਵਿਸ਼ਵ ਅਮਨ ਦੀ ਸਲਾਮਤੀ ਅਤੇ ਮਾਣ ਮੱਤੀ ਵਿਰਾਸਤ ਬਾਰੇ ਵੱਧ ਤੋਂ ਵੱਧ ਲਿਖ ਕੇ ਸਾਡੇ ਅਖ਼ਬਾਰਾਂ ਨੂੰ ਭੇਜਣ ਜਿਸ ਨਾਲ ਉੱਥੇ ਵੱਸਦੇ ਪੰਜਾਬੀਆਂ ਨੂੰ ਪੰਜਾਬ ਦੀ ਧਰਤੀ ਨਾਲ ਹੋਰ ਨੇੜਿਉਂ ਜੋੜਿਆ ਜਾ ਸਕੇ।
ਦੋਹਾਂ ਸੰਪਾਦਕਾਂ ਨੇ ਆਖਿਆ ਕਿ ਪੰਜਾਬੀ ਲੋਕ ਵਿਰਾਸਤ ਅਕਾਦਮੀ ਨੂੰ ਸਾਲਾਨਾ ਲੁਧਿਆਣਾ ਕਵਿਤਾ ਮੇਲਾ ਕਰਵਾ ਕੇ ਚੋਣਵੀਂ ਪੰਜਾਬੀ ਕਵਿਤਾ ਦੇ ਸੰਗ੍ਰਹਿ ਛਾਪਣੇ ਚਾਹੀਦੇ ਹਨ। ਇਸ ਕਾਰਜ ਲਈ ਉਹ ਪੂਰਾ ਸਹਿਯੋਗ ਦੇਣਗੇ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਹ ਕਵਿਤਾ ਮੇਲੇ ਲਈ ਸਹਿਯੋਗੀਆਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਫ਼ੈਸਲਾ ਲੈ ਸਕਣਗੇ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਵਿਦਿਆਰਥੀ ਰਛਪਾਲ ਸਿੰਘ ਗਿੱਲ ਤੇ ਹਰਕੀਰਤ ਸਿੰਘ ਕੋਲਾਰ ਦੀ ਭਾਵਨਾ ਦਾ ਸਤਿਕਾਰ ਹੈ। ਨੇੜ ਭਵਿੱਖ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸ. ਜਰਨੈਲ ਸਿੰਘ ਅਰਸ਼ੀ ਦੀ ਕਾਵਿ ਪੁਸਤਕ “ਲਲਕਾਰ”, ਪ੍ਰੋ. ਦੀਦਾਰ ਸਿੰਘ ਜੀ ਦੀ ਅਮਰ ਕਾਵਿ ਰਚਨਾ “ ਕਿੱਸਾ ਸ਼ਹੀਦ ਭਗਤ ਸਿੰਘ” ਤੇ “ਨੰਦ ਲਾਲ ਨੂਰਪੁਰੀ ਸੰਪੂਰਨ ਗੀਤ -ਰਚਨਾਵਲੀ” ਛਾਪਣ ਦੀ ਯੋਜਨਾ ਹੈ। ਇਸ ਕਾਰਜ ਵਿੱਚ ਵੀ ਉਹ ਸਹਿਯੋਗੀ ਬਣ ਸਕਦੇ ਹਨ।
Get all latest content delivered to your email a few times a month.