ਤਾਜਾ ਖਬਰਾਂ
ਕੈਨੇਡਾ ਦੀ ਧਰਤੀ 'ਤੇ ਬੈਠ ਕੇ ਗੁੰਡਾਗਰਦੀ ਅਤੇ ਜਬਰਨ ਵਸੂਲੀ ਦਾ ਨੈੱਟਵਰਕ ਚਲਾਉਣ ਵਾਲੇ ਵਿਦੇਸ਼ੀ ਨਾਗਰਿਕਾਂ ਵਿਰੁੱਧ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਵੱਡਾ ਸ਼ਿਕੰਜਾ ਕੱਸ ਦਿੱਤਾ ਹੈ। ਤਾਜ਼ਾ ਕਾਰਵਾਈ ਵਿੱਚ ਪੰਜਾਬੀ ਮੂਲ ਦੇ ਦੋ ਗੈਂਗਸਟਰਾਂ—ਅਰਸ਼ਦੀਪ ਸਿੰਘ ਅਤੇ ਸੁਖਨਾਜ਼ ਸਿੰਘ ਸੰਧੂ—ਨੂੰ ਦੇਸ਼ ਨਿਕਾਲਾ ਦੇ ਕੇ ਵਾਪਸ ਭਾਰਤ ਭੇਜ ਦਿੱਤਾ ਗਿਆ ਹੈ। 18 ਮਾਰਚ ਨੂੰ ਜਾਰੀ ਇੱਕ ਸਖ਼ਤ ਬਿਆਨ ਵਿੱਚ ਏਜੰਸੀ ਨੇ ਸਾਫ਼ ਕਰ ਦਿੱਤਾ ਹੈ ਕਿ ਅਪਰਾਧੀਆਂ ਲਈ ਕੈਨੇਡਾ ਵਿੱਚ ਕੋਈ ਥਾਂ ਨਹੀਂ ਹੈ।
ਸੁਪਨੇ ਸਟੱਡੀ ਦੇ, ਕੰਮ ਗੁਨਾਹ ਦੇ: ਅਰਸ਼ਦੀਪ ਦੀ ਕਹਾਣੀ
ਅਰਸ਼ਦੀਪ ਸਿੰਘ ਸਾਲ 2022 ਵਿੱਚ ਇੱਕ ਵਿਦਿਆਰਥੀ ਵਜੋਂ ਸੁਨਹਿਰੀ ਭਵਿੱਖ ਦੀ ਭਾਲ ਵਿੱਚ ਕੈਨੇਡਾ ਪਹੁੰਚਿਆ ਸੀ। ਪਰ ਪੜ੍ਹਾਈ ਦੀ ਬਜਾਏ ਉਸ ਨੇ ਜਲਦੀ ਹੀ ਜੁਰਮ ਦੀ ਦੁਨੀਆ ਵਿੱਚ ਪੈਰ ਰੱਖ ਲਿਆ।
ਨਵੰਬਰ 2025 ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਪੜਤਾਲ ਵਿੱਚ ਸਾਹਮਣੇ ਆਇਆ ਕਿ ਉਹ ਫਾਇਰਿੰਗ, ਨਸ਼ਾ ਤਸਕਰੀ ਅਤੇ ਕਾਰੋਬਾਰੀਆਂ ਨੂੰ ਧਮਕਾਉਣ ਵਰਗੇ ਸੰਗਠਿਤ ਅਪਰਾਧਾਂ ਵਿੱਚ ਲਿਪਤ ਸੀ।
ਕੈਨੇਡਾ ਦੇ ਇਮੀਗ੍ਰੇਸ਼ਨ ਬੋਰਡ ਨੇ ਉਸ ਨੂੰ ਜਨਤਕ ਸੁਰੱਖਿਆ ਲਈ ਵੱਡੀ ਚੁਣੌਤੀ ਮੰਨਦਿਆਂ ਤੁਰੰਤ ਡਿਪੋਰਟੇਸ਼ਨ ਆਰਡਰ ਜਾਰੀ ਕੀਤੇ।
ਸੁਖਨਾਜ਼ 'ਤੇ ਵੀ ਡਿੱਗੀ ਗਾਜ
ਇਸੇ ਤਰ੍ਹਾਂ 2016 ਤੋਂ ਕੈਨੇਡਾ ਵਿੱਚ ਰਹਿ ਰਹੇ ਸੁਖਨਾਜ਼ ਸਿੰਘ ਸੰਧੂ ਨੂੰ ਵੀ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਦੋਵਾਂ ਨੂੰ ਭਾਰੀ ਸੁਰੱਖਿਆ ਹੇਠ ਜਹਾਜ਼ ਚੜ੍ਹਾ ਕੇ ਵਾਪਸ ਭੇਜਿਆ ਗਿਆ ਹੈ ਅਤੇ ਹੁਣ ਇਨ੍ਹਾਂ 'ਤੇ ਕੈਨੇਡਾ ਵਾਪਸੀ ਲਈ ਉਮਰ ਭਰ ਦੀ ਪਾਬੰਦੀ ਲਗਾ ਦਿੱਤੀ ਗਈ ਹੈ।
ਹਰ ਸਾਲ 20 ਹਜ਼ਾਰ ਲੋਕਾਂ ਨੂੰ ਕੱਢਣ ਦਾ ਟੀਚਾ
ਕੈਨੇਡਾ ਸਰਕਾਰ ਨੇ ਅਪਰਾਧ ਮੁਕਤ ਪ੍ਰਵਾਸ ਨੂੰ ਯਕੀਨੀ ਬਣਾਉਣ ਲਈ ਹੁਣ 'ਕੈਨੇਡਾ ਬਾਰਡਰ ਪਲਾਨ' ਤਹਿਤ 3 ਕਰੋੜ ਡਾਲਰ ਦਾ ਵੱਡਾ ਬਜਟ ਰੱਖਿਆ ਹੈ।
ਸਰਹੱਦਾਂ 'ਤੇ ਸਖ਼ਤੀ ਵਧਾਉਣ ਲਈ 1,000 ਨਵੇਂ ਅਧਿਕਾਰੀ ਤਾਇਨਾਤ ਕੀਤੇ ਜਾ ਰਹੇ ਹਨ।
ਮੌਜੂਦਾ ਸਮੇਂ ਵਿੱਚ ਹਰ ਹਫ਼ਤੇ ਲਗਭਗ 400 ਲੋਕਾਂ ਨੂੰ ਦੇਸ਼ ਵਿੱਚੋਂ ਕੱਢਿਆ ਜਾ ਰਿਹਾ ਹੈ।
ਹੁਣ ਸਟੱਡੀ ਅਤੇ ਵਰਕ ਪਰਮਿਟ ਦੇ ਚਾਹਵਾਨਾਂ ਦੇ ਪਿਛੋਕੜ ਦੀ ਜਾਂਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਾਰੀਕੀ ਨਾਲ ਕੀਤੀ ਜਾਵੇਗੀ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਕੈਨੇਡਾ ਨੂੰ ਅਪਰਾਧਾਂ ਦਾ ਅੱਡਾ ਬਣਾਉਣ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਦਾ ਹਸ਼ਰ ਵੀ ਅਰਸ਼ਦੀਪ ਅਤੇ ਸੁਖਨਾਜ਼ ਵਰਗਾ ਹੀ ਹੋਵੇਗਾ।
Get all latest content delivered to your email a few times a month.