ਤਾਜਾ ਖਬਰਾਂ
ਪਾਣੀਪਤ-ਦਿੱਲੀ ਜੀਟੀ ਰੋਡ 'ਤੇ ਵੀਰਵਾਰ ਰਾਤ ਇੱਕ ਅਜਿਹਾ ਦਰਦਨਾਕ ਹਾਦਸਾ ਵਾਪਰਿਆ ਜਿਸ ਨੇ ਸਭ ਦੇ ਦਿਲ ਦਹਿਲਾ ਦਿੱਤੇ। ਸਮਾਲਖਾ ਨੇੜੇ ਚਾਰ ਵਾਹਨਾਂ ਦੀ ਆਪਸੀ ਟੱਕਰ ਤੋਂ ਬਾਅਦ ਇੱਕ ਈਕੋ ਕਾਰ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ 17 ਸਾਲਾ ਨਾਬਾਲਗ ਲੜਕੀ ਕਾਰ ਵਿੱਚੋਂ ਬਾਹਰ ਨਾ ਨਿਕਲ ਸਕਣ ਕਾਰਨ ਜ਼ਿੰਦਾ ਸੜ ਗਈ, ਜਦੋਂ ਕਿ ਚਾਰ ਹੋਰ ਮੁਸਾਫ਼ਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਰਾਤ ਕਰੀਬ 10 ਵਜੇ ਦਿੱਲੀ ਨੰਬਰ ਦੀ ਇੱਕ ਸੇਲੇਰੀਓ ਕਾਰ ਖਰਾਬ ਹੋਣ ਕਾਰਨ ਜੀਟੀ ਰੋਡ ਦੀ ਇੱਕ ਲੇਨ ਵਿੱਚ ਖੜ੍ਹੀ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਐਮਜੀ ਹੈਕਟਰ ਕਾਰ ਨੇ ਬਚਾਅ ਲਈ ਰਫ਼ਤਾਰ ਹੌਲੀ ਕੀਤੀ, ਪਰ ਉਸੇ ਵੇਲੇ ਪਿੱਛੇ ਤੋਂ ਆ ਰਹੀ ਸਵਾਰੀਆਂ ਨਾਲ ਭਰੀ ਈਕੋ ਕਾਰ ਹੈਕਟਰ ਨਾਲ ਜਾ ਟਕਰਾਈ। ਹਾਲੇ ਸਵਾਰੀਆ ਈਕੋ ਕਾਰ ਵਿੱਚੋਂ ਉਤਰਨ ਦੀ ਕੋਸ਼ਿਸ਼ ਹੀ ਕਰ ਰਹੀਆਂ ਸਨ ਕਿ ਪਿੱਛੇ ਤੋਂ ਆ ਰਹੀ ਰਾਜਸਥਾਨ ਰੋਡਵੇਜ਼ ਦੀ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ।
ਬੱਸ ਦੀ ਟੱਕਰ ਇੰਨੀ ਭਿਆਨਕ ਸੀ ਕਿ ਈਕੋ ਕਾਰ ਨੇ ਤੁਰੰਤ ਅੱਗ ਫੜ ਲਈ। ਚਸ਼ਮਦੀਦਾਂ ਅਨੁਸਾਰ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਕਿਸੇ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਬਾਕੀ ਸਵਾਰੀਆਂ ਤਾਂ ਕਿਸੇ ਤਰ੍ਹਾਂ ਬਾਹਰ ਨਿਕਲ ਆਈਆਂ, ਪਰ 17 ਸਾਲਾ ਲੜਕੀ ਅੰਦਰ ਹੀ ਫਸੀ ਰਹਿ ਗਈ ਅਤੇ ਅੱਗ ਦੀ ਭੇਂਟ ਚੜ੍ਹ ਗਈ। ਮੌਕੇ 'ਤੇ ਚੀਕ-ਚਿਹਾੜਾ ਮਚ ਗਿਆ ਅਤੇ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਨੁਕਸਾਨੇ ਗਏ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਮ੍ਰਿਤਕ ਲੜਕੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਪਾਣੀਪਤ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੜਕ ਵਿਚਕਾਰ ਖੜ੍ਹਾ ਖਰਾਬ ਵਾਹਨ ਅਤੇ ਤੇਜ਼ ਰਫ਼ਤਾਰ ਇਸ ਹਾਦਸੇ ਦੇ ਮੁੱਖ ਕਾਰਨ ਜਾਪਦੇ ਹਨ, ਪਰ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.