ਤਾਜਾ ਖਬਰਾਂ
ਰਾਜਧਾਨੀ ਚੰਡੀਗੜ੍ਹ ਦਾ ਸਭ ਤੋਂ ਵੀ.ਆਈ.ਪੀ. ਇਲਾਕਾ ਮੰਨਿਆ ਜਾਣ ਵਾਲਾ ਸੈਕਟਰ-9 ਬੀਤੇ ਦਿਨ ਗੋਲੀਆਂ ਦੀ ਗੜਗੜਾਹਟ ਨਾਲ ਦਹਿਲ ਗਿਆ। ਇੱਥੇ ਇੱਕ ਜਿੰਮ ਦੇ ਬਾਹਰ ਰੀਅਲ ਇਸਟੇਟ ਕਾਰੋਬਾਰੀ ਚਰਨਪ੍ਰੀਤ ਸਿੰਘ ਉਰਫ਼ ਚੀਨੀ ਕੁਬਾਹੇੜੀ (31) ਦਾ ਦੋ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਕਤਲ ਕਰ ਦਿੱਤਾ। ਘਟਨਾ ਉਸ ਵੇਲੇ ਵਾਪਰੀ ਜਦੋਂ ਚੀਨੀ ਆਪਣੀ ਕਸਰਤ ਖ਼ਤਮ ਕਰਕੇ ਕਾਲੀ ਫਾਰਚੂਨਰ ਕਾਰ ਵਿੱਚ ਸਵਾਰ ਹੋ ਕੇ ਨਿਕਲਣ ਦੀ ਤਿਆਰੀ ਵਿੱਚ ਸੀ।
ਗੈਂਗਵਾਰ ਦੀ ਮਾਰ: ਲੱਕੀ ਪਟਿਆਲ ਦਾ ਸੋਸ਼ਲ ਮੀਡੀਆ ਦਾਅਵਾ
ਇਸ ਸਨਸਨੀਖੇਜ਼ ਕਤਲਕਾਂਡ ਦੀ ਜ਼ਿੰਮੇਵਾਰੀ ਖ਼ੌਫ਼ਨਾਕ ਗੈਂਗਸਟਰ ਲੱਕੀ ਪਟਿਆਲ ਨੇ ਇੱਕ ਕਥਿਤ ਸੋਸ਼ਲ ਮੀਡੀਆ ਪੋਸਟ ਰਾਹੀਂ ਲਈ ਹੈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨੀ ਕੁਬਾਹੇੜੀ ਉਨ੍ਹਾਂ ਦੇ ਵਿਰੋਧੀ ਗੈਂਗ ਲਈ 'ਖ਼ਬਰੀ' ਵਜੋਂ ਕੰਮ ਕਰਦਾ ਸੀ ਅਤੇ ਮੁਹਾਲੀ ਵਿੱਚ ਹੋਏ ਗੁਰਵਿੰਦਰ ਦੇ ਕਤਲ ਵਿੱਚ ਵੀ ਉਸ ਦਾ ਹੱਥ ਸੀ। ਪੋਸਟ ਵਿੱਚ ਲਿਖਿਆ ਗਿਆ ਹੈ— "ਜੋ ਸਾਡੇ ਐਂਟੀਆਂ ਨੂੰ ਖ਼ਬਰਾਂ ਦੇਵੇਗਾ, ਉਸ ਨੂੰ ਭਜਾ-ਭਜਾ ਕੇ ਮਾਰਾਂਗੇ।" ਹਾਲਾਂਕਿ, ਪੁਲਿਸ ਅਤੇ ਜਾਂਚ ਏਜੰਸੀਆਂ ਇਸ ਵਾਇਰਲ ਪੋਸਟ ਦੀ ਸੱਚਾਈ ਦੀ ਪੜਤਾਲ ਕਰ ਰਹੀਆਂ ਹਨ।
ਸੋਸ਼ਲ ਮੀਡੀਆ ਸਟਾਰ ਅਤੇ ਸਫਲ ਕਾਰੋਬਾਰੀ ਸੀ ਚੀਨੀ
ਮੂਲ ਰੂਪ ਵਿੱਚ ਮੁੱਲਾਂਪੁਰ ਦੇ ਪਿੰਡ ਕੁਬਾਹੇੜੀ ਦਾ ਰਹਿਣ ਵਾਲਾ ਚਰਨਪ੍ਰੀਤ ਸਿੰਘ ਨਿਊ ਚੰਡੀਗੜ੍ਹ ਵਿੱਚ 'ਨਾਗਰਾ ਰੀਅਲ ਇਸਟੇਟ' ਨਾਮ ਦੀ ਕੰਪਨੀ ਚਲਾਉਂਦਾ ਸੀ। ਸੋਸ਼ਲ ਮੀਡੀਆ 'ਤੇ ਉਸ ਦੀ ਚੰਗੀ ਪਛਾਣ ਸੀ ਅਤੇ ਇੰਸਟਾਗ੍ਰਾਮ 'ਤੇ ਉਸ ਦੇ 48 ਹਜ਼ਾਰ ਤੋਂ ਵੱਧ ਫੋਲੋਅਰਜ਼ ਸਨ। ਉਹ ਅਕਸਰ ਆਪਣੇ ਲਗਜ਼ਰੀ ਲਾਈਫਸਟਾਈਲ ਅਤੇ ਜਿੰਮ ਦੀਆਂ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਸੀ।
ਸੁਰੱਖਿਅਤ ਸਮਝ ਕੇ ਆਉਂਦਾ ਸੀ ਸੈਕਟਰ-9, ਪਰ ਉੱਥੇ ਹੀ ਮਿਲੀ ਮੌਤ
ਮ੍ਰਿਤਕ ਦੇ ਨਜ਼ਦੀਕੀ ਦੋਸਤ ਬਲਕਾਰ ਸਿੰਘ ਨੇ ਪ੍ਰਸ਼ਾਸਨ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਦੱਸਿਆ ਕਿ ਚੀਨੀ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਜਿਸ ਕਾਰਨ ਉਸ ਨੇ ਹਥਿਆਰ ਦੇ ਲਾਈਸੈਂਸ ਲਈ ਵੀ ਅਪਲਾਈ ਕੀਤਾ ਸੀ, ਪਰ ਪ੍ਰਸ਼ਾਸਨ ਨੇ ਢਿੱਲ ਵਰਤੀ।
"ਉਹ ਸੈਕਟਰ-9 ਇਸ ਲਈ ਆਉਂਦਾ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਇਹ ਵੀ.ਆਈ.ਪੀ. ਇਲਾਕਾ ਸੁਰੱਖਿਅਤ ਹੈ, ਪਰ ਅਫ਼ਸੋਸ ਕਿ ਕਾਤਲਾਂ ਨੇ ਉੱਥੇ ਹੀ ਉਸ ਨੂੰ ਘੇਰ ਲਿਆ।" - ਬਲਕਾਰ ਸਿੰਘ (ਮ੍ਰਿਤਕ ਦਾ ਦੋਸਤ)
ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ। ਪੁਲਿਸ ਨੇ ਇਲਾਕੇ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਇਹ ਮਾਮਲਾ ਪੁਰਾਣੀ ਰੰਜਿਸ਼ ਅਤੇ ਗੈਂਗਵਾਰ ਨਾਲ ਜੁੜਿਆ ਜਾਪ ਰਿਹਾ ਹੈ।
Get all latest content delivered to your email a few times a month.