ਤਾਜਾ ਖਬਰਾਂ
ਈਰਾਨ ਅਤੇ ਇਜ਼ਰਾਈਲ ਵਿਚਾਲੇ ਵਧਦੇ ਜੰਗੀ ਤਣਾਅ ਨੇ ਨਾ ਸਿਰਫ਼ ਵਿਸ਼ਵ ਦੀ ਸਿਆਸਤ ਸਗੋਂ ਆਮ ਲੋਕਾਂ ਅਤੇ ਖ਼ਾਸ ਕਰਕੇ ਵਿਦੇਸ਼ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਦੇ ਬਜਟ ਨੂੰ ਵੀ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਮੱਧ ਪੂਰਬੀ ਹਵਾਈ ਖੇਤਰ (Airspace) ਵਿੱਚ ਪੈਦਾ ਹੋਏ ਖ਼ਤਰੇ ਕਾਰਨ ਹੁਣ ਤੱਕ ਕਰੀਬ 46,000 ਉਡਾਣਾਂ ਪ੍ਰਭਾਵਿਤ ਹੋਈਆਂ ਹਨ, ਜਿਸ ਦਾ ਸਿੱਧਾ ਅਸਰ ਪੰਜਾਬੀ ਵਿਦਿਆਰਥੀਆਂ ਦੀਆਂ ਯੋਜਨਾਵਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ।
ਇਮੀਗ੍ਰੇਸ਼ਨ ਮਾਹਰ ਬਿਕਰਮ ਝੱਬਲ ਅਨੁਸਾਰ, ਮੱਧ ਪੂਰਬੀ ਰੂਟ ਬੰਦ ਹੋਣ ਕਾਰਨ ਏਅਰਲਾਈਨਾਂ ਨੂੰ ਹੁਣ ਯੂਰਪੀਅਨ ਹਵਾਈ ਖੇਤਰ ਰਾਹੀਂ ਲੰਬਾ ਰਸਤਾ ਤੈਅ ਕਰਨਾ ਪੈ ਰਿਹਾ ਹੈ। ਇਸ ਨਾਲ ਨਾ ਸਿਰਫ਼ ਯਾਤਰਾ ਦਾ ਸਮਾਂ ਵਧਿਆ ਹੈ, ਸਗੋਂ ਖ਼ਰਚਾ ਵੀ ਅਸਮਾਨੀ ਚੜ੍ਹ ਗਿਆ ਹੈ।
ਜਿਹੜੀ ਟਿਕਟ ਪਹਿਲਾਂ 70 ਤੋਂ 80 ਹਜ਼ਾਰ ਰੁਪਏ ਵਿੱਚ ਮਿਲਦੀ ਸੀ, ਉਸ ਦੀ ਕੀਮਤ ਹੁਣ 2.5 ਲੱਖ ਤੋਂ 3 ਲੱਖ ਰੁਪਏ ਤੱਕ ਪਹੁੰਚ ਗਈ ਹੈ।
ਲੰਬੇ ਰੂਟ ਅਤੇ ਜੰਗੀ ਹਾਲਾਤ ਕਾਰਨ ਮਾਪਿਆਂ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਭਾਰੀ ਚਿੰਤਾ ਪਾਈ ਜਾ ਰਹੀ ਹੈ।
ਭਾਰੀ ਖ਼ਰਚੇ ਅਤੇ ਅਨਿਸ਼ਚਿਤਤਾ ਕਾਰਨ ਪੰਜਾਬੀ ਵਿਦਿਆਰਥੀਆਂ ਨੇ ਹੁਣ ਆਪਣਾ ਰੁੱਖ ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਤੋਂ ਮੋੜ ਕੇ ਯੂਰਪੀਅਨ ਦੇਸ਼ਾਂ ਵੱਲ ਕਰ ਲਿਆ ਹੈ।
ਵਿਦਿਆਰਥੀ ਹੁਣ ਲਕਸਮਬਰਗ, ਜਰਮਨੀ ਅਤੇ ਨੀਦਰਲੈਂਡ ਵਰਗੇ ਦੇਸ਼ਾਂ ਨੂੰ ਤਰਜੀਹ ਦੇ ਰਹੇ ਹਨ।
ਮਾਹਰਾਂ ਮੁਤਾਬਕ ਯੂਰਪ ਵਿੱਚ ਪੜ੍ਹਾਈ ਅਤੇ ਰਹਿਣ-ਸਹਿਣ ਦਾ ਖ਼ਰਚਾ ਕੈਨੇਡਾ ਦੇ ਮੁਕਾਬਲੇ ਘੱਟ ਹੈ। ਇਸ ਤੋਂ ਇਲਾਵਾ, ਉੱਥੇ ਰੁਜ਼ਗਾਰ ਦੇ ਬਿਹਤਰ ਮੌਕੇ, ਉੱਚ ਪੱਧਰੀ ਸੁਰੱਖਿਆ ਅਤੇ ਭਾਰਤ ਨਾਲ ਸੁਖਾਵੇਂ ਸਬੰਧ ਵਿਦਿਆਰਥੀਆਂ ਨੂੰ ਆਕਰਸ਼ਿਤ ਕਰ ਰਹੇ ਹਨ।
ਜੰਗੀ ਹਾਲਾਤ ਨੇ ਵਿਸ਼ਵ ਪੱਧਰ 'ਤੇ ਹਵਾਈ ਸੰਚਾਲਨ ਨੂੰ ਗੁੰਝਲਦਾਰ ਬਣਾ ਦਿੱਤਾ ਹੈ। ਜੇਕਰ ਮੱਧ ਪੂਰਬ ਵਿੱਚ ਤਣਾਅ ਜਲਦੀ ਖ਼ਤਮ ਨਹੀਂ ਹੁੰਦਾ, ਤਾਂ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਅਤੇ ਅਮਰੀਕਾ ਜਾਣ ਵਾਲੇ ਮੁਸਾਫ਼ਰਾਂ ਦੀ ਗਿਣਤੀ ਵਿੱਚ ਹੋਰ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
Get all latest content delivered to your email a few times a month.