ਤਾਜਾ ਖਬਰਾਂ
ਸਰਕਾਰਾਂ ਵੱਲੋਂ ਅਕਸਰ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਪਰ ਫ਼ਾਜ਼ਿਲਕਾ ਦੇ ਪਿੰਡ ਦੀਵਾਨ ਖੇੜਾ ਤੋਂ ਆਈ ਇੱਕ ਖ਼ਬਰ ਨੇ ਇਨ੍ਹਾਂ ਦਾਅਵਿਆਂ ਦੀ ਫ਼ੋਕੀ ਫ਼ੂਕ ਕੱਢ ਦਿੱਤੀ ਹੈ। ਮੰਡੀ ਵਿੱਚ ਆਲੂਆਂ ਦਾ ਢੁਕਵਾਂ ਭਾਅ ਨਾ ਮਿਲਣ ਤੋਂ ਦੁਖੀ ਹੋ ਕੇ ਅਗਾਂਹਵਧੂ ਕਿਸਾਨ ਅਜੈ ਵਧਵਾ ਨੇ ਆਪਣੀ 6 ਏਕੜ ਵਿੱਚ ਖੜ੍ਹੀ ਤਿਆਰ ਆਲੂ ਦੀ ਫ਼ਸਲ ਖੇਤ ਵਿੱਚ ਹੀ ਵਾਹ ਦਿੱਤੀ।
ਪੀੜਤ ਕਿਸਾਨ ਅਜੈ ਵਧਵਾ ਅਨੁਸਾਰ, ਕਿੰਨੂ ਦੇ ਬਾਗਾਂ ਦੇ ਹੋਏ ਨੁਕਸਾਨ ਤੋਂ ਬਾਅਦ ਉਨ੍ਹਾਂ ਨੇ ਉਮੀਦ ਨਾਲ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ ਸੀ। ਪਰ ਹਾਲਾਤ ਇਹ ਬਣ ਗਏ ਕਿ ਆਲੂਆਂ ਦੀ ਪੁਟਾਈ, ਛਾਂਟਾਈ ਅਤੇ ਮੰਡੀ ਤੱਕ ਪਹੁੰਚਾਉਣ ਦਾ ਖਰਚਾ ਫ਼ਸਲ ਦੇ ਕੁੱਲ ਮੁੱਲ ਨਾਲੋਂ ਵੀ ਕਿਤੇ ਜ਼ਿਆਦਾ ਪੈ ਰਿਹਾ ਸੀ।
ਕਿਸਾਨ ਨੇ ਰੋਸ ਜਤਾਇਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਆਪਣੀ ਗਾਜਰ ਦੀ ਫ਼ਸਲ ਭਾਅ ਨਾ ਮਿਲਣ ਕਾਰਨ ਖੇਤ ਵਿੱਚ ਹੀ ਵਾਹੁਣੀ ਪਈ ਸੀ। ਕਿਸਾਨ ਨੇ ਸਰਕਾਰ ਦੀ ਮਦਦ ਨਾ ਮਿਲਣ 'ਤੇ ਗਹਿਰੀ ਚਿੰਤਾ ਪ੍ਰਗਟਾਈ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਫ਼ਸਲੀ ਚੱਕਰ ਬਦਲਣ ਦੀ ਗੱਲ ਕਰਦੀ ਹੈ, ਪਰ ਦੂਜੇ ਪਾਸੇ ਜਦੋਂ ਕਿਸਾਨ ਸਬਜ਼ੀਆਂ ਬੀਜਦਾ ਹੈ ਤਾਂ ਮਾਰਕੀਟਿੰਗ ਅਤੇ ਸਟੋਰੇਜ ਦੀ ਕੋਈ ਪੁਖ਼ਤਾ ਨੀਤੀ ਨਾ ਹੋਣ ਕਾਰਨ ਕਿਸਾਨਾਂ ਨੂੰ ਘਾਟਾ ਝੱਲਣਾ ਪੈਂਦਾ ਹੈ। ਦੀਵਾਨ ਖੇੜਾ ਦੇ ਇਸ ਮਾਮਲੇ ਨੇ ਸਬਜ਼ੀ ਉਤਪਾਦਕਾਂ ਦੀ ਬੇਵੱਸੀ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ।
ਇਸ ਮਾਮਲੇ ਬਾਰੇ ਜਦੋਂ ਹੋਰਟੀਕਲਚਰ ਵਿਭਾਗ ਦੇ ਐਚ.ਡੀ.ਓ. (HDO) ਸ਼ਿਓਪਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਇਲਾਕੇ ਵਿੱਚ ਕਰੀਬ 2500 ਹੈਕਟੇਅਰ ਰਕਬਾ ਸਬਜ਼ੀਆਂ ਹੇਠ ਹੈ ਅਤੇ ਮਾਰਕੀਟਿੰਗ ਵਿੱਚ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪਿੰਡ ਦੀਵਾਨ ਖੇੜਾ ਦੇ ਕਿਸਾਨ ਵੱਲੋਂ ਫ਼ਸਲ ਨਸ਼ਟ ਕਰਨ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।
Get all latest content delivered to your email a few times a month.