ਤਾਜਾ ਖਬਰਾਂ
ਅਜਨਾਲਾ ਇਲਾਕੇ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਨੇ ਕਈ ਹੱਸਦੇ-ਖੇਡਦੇ ਪਰਿਵਾਰਾਂ ਦੀਆਂ ਖ਼ੁਸ਼ੀਆਂ ਮਾਤਮ ਵਿੱਚ ਬਦਲ ਦਿੱਤੀਆਂ ਹਨ। ਦੋ ਮੋਟਰਸਾਈਕਲਾਂ ਵਿਚਾਲੇ ਹੋਈ ਆਮੋ-ਸਾਹਮਣੀ ਸਿੱਧੀ ਅਤੇ ਜ਼ਬਰਦਸਤ ਟੱਕਰ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਦੋ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਸ ਹਾਦਸੇ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਮ੍ਰਿਤਕਾਂ ਵਿੱਚ ਉਹ ਨਾਬਾਲਗ ਬੱਚੇ ਸ਼ਾਮਲ ਹਨ, ਜੋ ਕੁਝ ਦੇਰ ਪਹਿਲਾਂ ਹੀ ਆਪਣਾ ਪੇਪਰ ਦੇ ਕੇ ਆਏ ਸਨ। ਜਾਣਕਾਰੀ ਮੁਤਾਬਕ ਪੇਪਰ ਖ਼ਤਮ ਹੋਣ ਤੋਂ ਬਾਅਦ ਇਹ ਬੱਚੇ ਸ਼ੁਕਰਾਨਾ ਕਰਨ ਲਈ ਗੁਰੂ ਘਰ ਮੱਥਾ ਟੇਕਣ ਜਾ ਰਹੇ ਸਨ, ਪਰ ਰਸਤੇ ਵਿੱਚ ਹੀ ਮੌਤ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਪਰਿਵਾਰਾਂ ਵਿੱਚ ਇਸ ਵੇਲੇ ਚੀਖ-ਚਿਹਾੜਾ ਮਚਿਆ ਹੋਇਆ ਹੈ।
ਪ੍ਰਤੱਖਦਰਸ਼ੀਆਂ ਮੁਤਾਬਕ ਦੋਵੇਂ ਮੋਟਰਸਾਈਕਲ ਕਾਫ਼ੀ ਤੇਜ਼ ਰਫ਼ਤਾਰ ਵਿੱਚ ਸਨ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਸਵਾਰ ਉਛਲ ਕੇ ਕਾਫ਼ੀ ਦੂਰ ਜਾ ਡਿੱਗੇ।
ਸਥਾਨਕ ਲੋਕਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਸੰਭਾਲਿਆ ਅਤੇ ਹਸਪਤਾਲ ਪਹੁੰਚਾਇਆ।
ਦੋ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਅੰਮ੍ਰਿਤਸਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਹੋ ਰਹੀ ਹੈ। ਮੁੱਢਲੀ ਜਾਂਚ ਵਿੱਚ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨੂੰ ਹੀ ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਇਸ ਘਟਨਾ ਤੋਂ ਬਾਅਦ ਪੂਰੇ ਅਜਨਾਲਾ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਪਿੰਡ ਵਾਸੀ ਬੱਚਿਆਂ ਦੀ ਅਚਾਨਕ ਮੌਤ ਕਾਰਨ ਸਦਮੇ ਵਿੱਚ ਹਨ।
Get all latest content delivered to your email a few times a month.