ਤਾਜਾ ਖਬਰਾਂ
ਮੱਧ ਪੂਰਬ (Middle East) ਵਿੱਚ ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਭਿਆਨਕ ਤਣਾਅ ਕਾਰਨ ਜਿੱਥੇ ਦੁਨੀਆ ਭਰ ਵਿੱਚ ਤੇਲ ਅਤੇ ਗੈਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਉੱਥੇ ਹੀ ਭਾਰਤ ਲਈ ਇੱਕ ਬੇਹੱਦ ਸੁਖਦ ਖ਼ਬਰ ਸਾਹਮਣੇ ਆਈ ਹੈ। ਜਲੰਧਰ ਦੇ ਆਦਮਪੁਰ ਦੇ ਰਹਿਣ ਵਾਲੇ ਕੈਪਟਨ ਸੁਖਮੀਤ ਸਿੰਘ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ‘ਸ਼ਿਵਾਲਿਕ’ ਜਹਾਜ਼ ਰਾਹੀਂ ਹਜ਼ਾਰਾਂ ਮੀਟ੍ਰਿਕ ਟਨ ਐਲ.ਪੀ.ਜੀ. (LPG) ਲੈ ਕੇ ਸੁਰੱਖਿਅਤ ਭਾਰਤ ਪਰਤ ਆਏ ਹਨ।
ਕੈਪਟਨ ਸੁਖਮੀਤ ਸਿੰਘ ਦੀ ਅਗਵਾਈ ਹੇਠ ਐਲ.ਪੀ.ਜੀ. ਨਾਲ ਭਰਿਆ ‘ਸ਼ਿਵਾਲਿਕ’ ਜਹਾਜ਼ ਗੁਜਰਾਤ ਦੇ ਮੁੰਦਰਾ ਬੰਦਰਗਾਹ 'ਤੇ ਪਹੁੰਚ ਚੁੱਕਾ ਹੈ। ਇਸ ਜਹਾਜ਼ ਵਿੱਚ ਕਰੀਬ 46,000 ਮੀਟ੍ਰਿਕ ਟਨ ਗੈਸ ਲੋਡ ਹੈ, ਜੋ ਦੇਸ਼ ਵਿੱਚ ਚੱਲ ਰਹੀ ਘਰੇਲੂ ਗੈਸ ਦੀ ਕਿੱਲਤ ਨੂੰ ਦੂਰ ਕਰਨ ਵਿੱਚ ਵੱਡੀ ਭੂਮਿਕਾ ਨਿਭਾਏਗੀ।
ਪਰਿਵਾਰਕ ਮੈਂਬਰਾਂ ਮੁਤਾਬਕ ਕੈਪਟਨ ਸੁਖਮੀਤ 26 ਫਰਵਰੀ ਨੂੰ ਕਤਰ ਅਤੇ 28 ਫਰਵਰੀ ਨੂੰ ਈਰਾਨ ਪਹੁੰਚੇ ਸਨ। ਜਦੋਂ ਜਹਾਜ਼ ਲੋਡ ਹੋ ਰਿਹਾ ਸੀ, ਉਦੋਂ ਹੀ ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗ ਸ਼ੁਰੂ ਹੋ ਗਈ।
ਸ਼ਿਪਿੰਗ ਕੰਪਨੀ ਅਤੇ ਭਾਰਤ ਸਰਕਾਰ ਦੇ ਸਾਂਝੇ ਯਤਨਾਂ ਸਦਕਾ, 14 ਮਾਰਚ ਨੂੰ ਈਰਾਨ ਨੇ ਜਹਾਜ਼ ਨੂੰ ਅੱਗੇ ਵਧਣ ਦੀ ਇਜਾਜ਼ਤ ਦਿੱਤੀ।
ਸੁਖਮੀਤ ਦੀ ਪਤਨੀ ਸੰਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਸੁਖਮੀਤ ਨੂੰ ਛੁੱਟੀ ਲੈ ਕੇ ਵਾਪਸ ਆਉਣ ਲਈ ਕਿਹਾ ਸੀ, ਪਰ ਸੁਖਮੀਤ ਨੇ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਜਵਾਬ ਸੀ, "ਜਹਾਜ਼ ਨੂੰ ਮੰਜ਼ਿਲ ਤੱਕ ਪਹੁੰਚਾਉਣਾ ਮੇਰੀ ਜ਼ਿੰਮੇਵਾਰੀ ਹੈ, ਮੈਂ ਆਪਣੇ ਜਹਾਜ਼ ਅਤੇ ਫਰਜ਼ ਨੂੰ ਅੱਧ ਵਿਚਾਲੇ ਨਹੀਂ ਛੱਡ ਸਕਦਾ।"
ਆਦਮਪੁਰ ਵਿੱਚ ਕੈਪਟਨ ਸੁਖਮੀਤ ਸਿੰਘ ਦੀ ਸੁਰੱਖਿਅਤ ਵਾਪਸੀ 'ਤੇ ਖੁਸ਼ੀ ਦੀ ਲਹਿਰ ਹੈ। ਮਾਤਾ-ਪਿਤਾ ਅਤੇ ਪਤਨੀ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਸੁਖਮੀਤ ਨੇ ਨਾ ਸਿਰਫ਼ ਆਪਣੀ ਜਾਨ ਬਚਾਈ, ਸਗੋਂ ਦੇਸ਼ ਦੀ ਸੇਵਾ ਕਰਦਿਆਂ ਗੈਸ ਦਾ ਵੱਡਾ ਸਟਾਕ ਵੀ ਭਾਰਤ ਪਹੁੰਚਾਇਆ।
ਭਾਰਤ ਦੇ ਕੂਟਨੀਤਕ ਯਤਨਾਂ ਅਤੇ ਕੈਪਟਨ ਸੁਖਮੀਤ ਸਿੰਘ ਵਰਗੇ ਜਾਂਬਾਜ਼ ਅਧਿਕਾਰੀਆਂ ਦੀ ਬਦੌਲਤ ਹੀ ਅੱਜ ਗੁਜਰਾਤ ਦੇ ਬੰਦਰਗਾਹ 'ਤੇ ਦੋ ਵੱਡੇ ਜਹਾਜ਼ ਪਹੁੰਚੇ ਹਨ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਐਲ.ਪੀ.ਜੀ. ਦੀ ਸਪਲਾਈ ਆਮ ਵਾਂਗ ਹੋਣ ਦੀ ਉਮੀਦ ਹੈ।
Get all latest content delivered to your email a few times a month.