ਤਾਜਾ ਖਬਰਾਂ
ਲੁਧਿਆਣਾ ਦੀ ਅਦਾਲਤ ਨੇ 18 ਸਾਲ ਪਹਿਲਾਂ ਚੋਣਾਂ ਦੌਰਾਨ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਵੱਡਾ ਫ਼ੈਸਲਾ ਸੁਣਾਇਆ ਹੈ। ਵਧੀਕ ਸੈਸ਼ਨ ਜੱਜ ਬਰਿੰਦਰ ਸਿੰਘ ਰੋਮਾਣਾ ਦੀ ਅਦਾਲਤ ਨੇ ਸਾਬਕਾ ਵਿਧਾਇਕ ਜਸਬੀਰ ਸਿੰਘ ਉਰਫ਼ ਜੱਸੀ ਖੰਗੂੜਾ ਅਤੇ ਉਨ੍ਹਾਂ ਦੇ ਇੱਕ ਸਾਥੀ ਗੁਰਪ੍ਰੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਦੋ-ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਵਾਂ 'ਤੇ 3-3 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ, ਜਦਕਿ ਮਾਮਲੇ ਵਿੱਚ ਨਾਮਜ਼ਦ 11 ਹੋਰ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ।
ਇਹ ਮਾਮਲਾ ਸਾਲ 2008 ਦੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨਾਲ ਜੁੜਿਆ ਹੋਇਆ ਹੈ।
ਉਸ ਵੇਲੇ ਪ੍ਰੀਜ਼ਾਈਡਿੰਗ ਅਫ਼ਸਰ ਵਜੋਂ ਡਿਊਟੀ ਨਿਭਾ ਰਹੇ ਫਕੀਰ ਸਿੰਘ ਨੇ ਦੋਸ਼ ਲਾਇਆ ਸੀ ਕਿ ਚੋਣਾਂ ਤੋਂ ਬਾਅਦ ਜਦੋਂ ਉਹ ਬੈਲਟ ਬਾਕਸ ਜਮ੍ਹਾ ਕਰਵਾਉਣ ਲਈ ਡੇਹਲੋਂ ਦੇ ਇੱਕ ਸਰਕਾਰੀ ਸਕੂਲ ਪਹੁੰਚੇ, ਤਾਂ ਕੁਝ ਲੋਕਾਂ ਨੇ ਉਨ੍ਹਾਂ ਨੂੰ ਰੋਕ ਕੇ ਕੁੱਟਮਾਰ ਕੀਤੀ।
ਸ਼ਿਕਾਇਤ ਮੁਤਾਬਕ, ਸਾਬਕਾ ਵਿਧਾਇਕ ਜੱਸੀ ਖੰਗੂੜਾ ਆਪਣੇ 20-25 ਸਮਰਥਕਾਂ ਨਾਲ ਮੌਕੇ 'ਤੇ ਪਹੁੰਚੇ ਅਤੇ ਅਫ਼ਸਰ ਨਾਲ ਦੁਰਵਿਵਹਾਰ ਕੀਤਾ। ਦੋਸ਼ ਸੀ ਕਿ ਹਮਲਾਵਰਾਂ ਨੇ ਉਨ੍ਹਾਂ ਦੀ ਪੱਗ ਲਾਹ ਦਿੱਤੀ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਉਨ੍ਹਾਂ ਦੇ ਸਰੀਰ 'ਤੇ 6 ਗੰਭੀਰ ਸੱਟਾਂ ਲੱਗੀਆਂ ਸਨ।
ਦੱਸਣਯੋਗ ਹੈ ਕਿ ਸਾਲ 2017 ਵਿੱਚ ਹੇਠਲੀ ਅਦਾਲਤ ਨੇ ਜੱਸੀ ਖੰਗੂੜਾ ਅਤੇ ਹੋਰਾਂ ਨੂੰ ਬਰੀ ਕਰ ਦਿੱਤਾ ਸੀ। ਇਸ ਫ਼ੈਸਲੇ ਨੂੰ ਸ਼ਿਕਾਇਤਕਰਤਾ ਫਕੀਰ ਸਿੰਘ ਨੇ ਸੈਸ਼ਨ ਕੋਰਟ ਵਿੱਚ ਚੁਣੌਤੀ ਦਿੱਤੀ ਸੀ।
ਵਧੀਕ ਸੈਸ਼ਨ ਜੱਜ ਨੇ ਸਬੂਤਾਂ ਅਤੇ ਦਲੀਲਾਂ ਨੂੰ ਘੋਖਣ ਤੋਂ ਬਾਅਦ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਅੰਸ਼ਕ ਤੌਰ 'ਤੇ ਪਲਟ ਦਿੱਤਾ ਅਤੇ ਖੰਗੂੜਾ ਤੇ ਗੁਰਪ੍ਰੀਤ ਸਿੰਘ ਨੂੰ ਗੁਨਾਹਗਾਰ ਮੰਨਿਆ।
ਸਜ਼ਾ ਦਾ ਐਲਾਨ ਹੋਣ ਤੋਂ ਬਾਅਦ, ਦੋਵਾਂ ਦੋਸ਼ੀਆਂ ਨੇ ਹਾਈਕੋਰਟ ਵਿੱਚ ਇਸ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਅਰਜ਼ੀ ਦਿੱਤੀ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।
ਸ਼ਿਕਾਇਤਕਰਤਾ ਫਕੀਰ ਸਿੰਘ ਨੇ ਇਸ ਫ਼ੈਸਲੇ 'ਤੇ ਰਾਹਤ ਮਹਿਸੂਸ ਕਰਦਿਆਂ ਕਿਹਾ ਕਿ ਭਾਵੇਂ ਇਨਸਾਫ਼ ਮਿਲਣ ਵਿੱਚ 18 ਸਾਲ ਦਾ ਲੰਬਾ ਸਮਾਂ ਲੱਗ ਗਿਆ, ਪਰ ਅੱਜ ਇਹ ਸਾਬਿਤ ਹੋ ਗਿਆ ਹੈ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ।
Get all latest content delivered to your email a few times a month.