ਤਾਜਾ ਖਬਰਾਂ
ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਵਿੱਚ ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਘੁਸਪੈਠ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਕੰਟਰੋਲ ਰੇਖਾ (LoC) ਦੇ ਨੇੜੇ ਬੁਛਾਰ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਪਾਕਿਸਤਾਨੀ ਦਹਿਸ਼ਤਗਰਦ ਨੂੰ ਮਾਰ ਮੁਕਾਇਆ ਹੈ।
ਭਾਰਤੀ ਫੌਜ ਵੱਲੋਂ ਜਾਰੀ ਬਿਆਨ ਅਨੁਸਾਰ, ਜੰਮੂ-ਕਸ਼ਮੀਰ ਪੁਲਿਸ ਨੂੰ ਉੜੀ ਸੈਕਟਰ ਦੇ ਬੁਛਾਰ ਇਲਾਕੇ ਵਿੱਚ ਅੱਤਵਾਦੀਆਂ ਦੀ ਘੁਸਪੈਠ ਬਾਰੇ ਪੁਖ਼ਤਾ ਖ਼ੁਫ਼ੀਆ ਜਾਣਕਾਰੀ ਮਿਲੀ ਸੀ। ਇਸ ਆਧਾਰ 'ਤੇ ਫੌਜ ਅਤੇ ਪੁਲਿਸ ਨੇ 14 ਅਤੇ 15 ਮਾਰਚ 2026 ਦੀ ਦਰਮਿਆਨੀ ਰਾਤ ਨੂੰ ਇੱਕ ਸਾਂਝੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਆਪ੍ਰੇਸ਼ਨ ਦੌਰਾਨ ਮੁਸਤੈਦ ਜਵਾਨਾਂ ਨੇ ਸੰਘਣੇ ਜੰਗਲਾਂ ਵਿੱਚ ਇੱਕ ਅੱਤਵਾਦੀ ਦੀ ਸ਼ੱਕੀ ਹਰਕਤ ਦੇਖੀ। ਜਦੋਂ ਸੁਰੱਖਿਆ ਬਲਾਂ ਨੇ ਉਸ ਨੂੰ ਚੁਣੌਤੀ ਦਿੱਤੀ, ਤਾਂ ਅੱਤਵਾਦੀ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਸੁਰੱਖਿਆ ਬਲਾਂ ਨੇ ਸਟੀਕ ਨਿਸ਼ਾਨਾ ਲਗਾਉਂਦੇ ਹੋਏ ਉਸ ਨੂੰ ਮੌਕੇ 'ਤੇ ਹੀ ਢੇਰ ਕਰ ਦਿੱਤਾ।
ਮਾਰੇ ਗਏ ਅੱਤਵਾਦੀ ਕੋਲੋਂ ਇੱਕ ਪਿਸਤੌਲ ਅਤੇ ਭਾਰੀ ਮਾਤਰਾ ਵਿੱਚ ਗੋਲਾ-ਬਾਰੂਦ ਸਮੇਤ ਜੰਗੀ ਸਮੱਗਰੀ ਬਰਾਮਦ ਕੀਤੀ ਗਈ ਹੈ।
ਇਲਾਕੇ ਵਿੱਚ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਪੂਰੇ ਖੇਤਰ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
ਇੱਕ ਹੋਰ ਘਟਨਾ ਵਿੱਚ, ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਪਾਕਿਸਤਾਨੀ ਡਰੋਨ ਦੀ ਹਰਕਤ ਦੇਖਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਸਰਹੱਦੀ ਪਿੰਡਾਂ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ।
ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਰਾਮਗੜ੍ਹ ਸੈਕਟਰ ਦੇ ਕੰਦਰਾਲ, ਅਬਤਾਲ ਅਤੇ ਬਹਾਦਰਪੁਰ ਪਿੰਡਾਂ ਦੇ ਉੱਪਰ ਦੁਸ਼ਮਣ ਦੇ ਡਰੋਨ ਨੂੰ ਕੁਝ ਮਿੰਟਾਂ ਲਈ ਦੇਖਿਆ ਗਿਆ। ਦਿਨ ਚੜ੍ਹਦਿਆਂ ਹੀ ਸੁਰੱਖਿਆ ਬਲਾਂ ਨੇ ਇਹ ਯਕੀਨੀ ਬਣਾਉਣ ਲਈ ਪੂਰੇ ਇਲਾਕੇ ਨੂੰ ਛਾਣਿਆ ਕਿ ਸਰਹੱਦ ਪਾਰੋਂ ਹਥਿਆਰਾਂ ਜਾਂ ਨਸ਼ੀਲੇ ਪਦਾਰਥਾਂ ਦੀ ਕੋਈ ਖੇਪ ਤਾਂ ਨਹੀਂ ਸੁੱਟੀ ਗਈ। ਫਿਲਹਾਲ ਪੂਰੇ ਸਰਹੱਦੀ ਇਲਾਕੇ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।
Get all latest content delivered to your email a few times a month.