ਤਾਜਾ ਖਬਰਾਂ
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਦੇਸ਼ ਵਿੱਚ ਰਸੋਈ ਗੈਸ ਦੀ ਵਰਤੋਂ ਨੂੰ ਲੈ ਕੇ ਇੱਕ ਬੇਹੱਦ ਅਹਿਮ ਬਦਲਾਅ ਕੀਤਾ ਹੈ। ਸਰਕਾਰ ਵੱਲੋਂ ਜਾਰੀ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ, ਹੁਣ ਉਨ੍ਹਾਂ ਪਰਿਵਾਰਾਂ ਨੂੰ ਘਰੇਲੂ ਐਲਪੀਜੀ (LPG) ਸਿਲੰਡਰ ਦੀ ਸਹੂਲਤ ਨਹੀਂ ਮਿਲੇਗੀ ਜਿਨ੍ਹਾਂ ਦੇ ਘਰਾਂ ਵਿੱਚ ਪਹਿਲਾਂ ਹੀ ਪਾਈਪਡ ਕੁਦਰਤੀ ਗੈਸ (PNG) ਦਾ ਕੁਨੈਕਸ਼ਨ ਮੌਜੂਦ ਹੈ। ਸ਼ਨੀਵਾਰ ਤੋਂ ਲਾਗੂ ਹੋਏ ਇਨ੍ਹਾਂ ਨਿਯਮਾਂ ਨੇ ਦੋਵੇਂ ਕੁਨੈਕਸ਼ਨ ਰੱਖਣ ਵਾਲੇ ਖਪਤਕਾਰਾਂ ਲਈ ਸਥਿਤੀ ਸਪੱਸ਼ਟ ਕਰ ਦਿੱਤੀ ਹੈ।
'ਇੱਕ ਘਰ, ਇੱਕ ਬਾਲਣ' ਨੀਤੀ ਵੱਲ ਵਧੇ ਕਦਮ
ਸਰਕਾਰ ਦੇ ਇਸ ਫੈਸਲੇ ਨੂੰ "ਇੱਕ ਘਰ, ਇੱਕ ਬਾਲਣ" ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਨਵੇਂ ਨਿਯਮਾਂ ਤਹਿਤ:
ਡਬਲ ਕੁਨੈਕਸ਼ਨ ਹੁਣ ਗੈਰ-ਕਾਨੂੰਨੀ: ਇੱਕੋ ਘਰ ਵਿੱਚ PNG ਅਤੇ LPG ਸਿਲੰਡਰ ਦੋਵੇਂ ਰੱਖਣਾ ਹੁਣ ਕਾਨੂੰਨੀ ਅਪਰਾਧ ਮੰਨਿਆ ਜਾਵੇਗਾ।
ਰੀਫਿਲਿੰਗ 'ਤੇ ਰੋਕ: ਜਿਨ੍ਹਾਂ ਖਪਤਕਾਰਾਂ ਕੋਲ PNG ਸਹੂਲਤ ਚਾਲੂ ਹੈ, ਉਹ ਹੁਣ ਆਪਣਾ LPG ਸਿਲੰਡਰ ਦੁਬਾਰਾ ਭਰਵਾ (ਬੁੱਕ) ਨਹੀਂ ਸਕਣਗੇ।
ਨਵੇਂ ਕੁਨੈਕਸ਼ਨ 'ਤੇ ਪਾਬੰਦੀ: ਪਾਈਪਡ ਗੈਸ ਦੀ ਵਰਤੋਂ ਕਰਨ ਵਾਲੇ ਖਪਤਕਾਰ ਹੁਣ ਨਵੇਂ LPG ਕੁਨੈਕਸ਼ਨ ਲਈ ਅਰਜ਼ੀ ਦੇਣ ਦੇ ਯੋਗ ਨਹੀਂ ਰਹਿਣਗੇ।
ਕੁਨੈਕਸ਼ਨ ਵਾਪਸ ਕਰਨਾ ਹੋਵੇਗਾ ਲਾਜ਼ਮੀ
ਮੰਤਰਾਲੇ ਨੇ 'ਤਰਲ ਪੈਟਰੋਲੀਅਮ ਗੈਸ (ਸਪਲਾਈ ਅਤੇ ਵੰਡ ਦਾ ਨਿਯਮ) ਆਰਡਰ, 2000' ਵਿੱਚ ਸੋਧ ਕਰਦਿਆਂ ਸਾਫ਼ ਕੀਤਾ ਹੈ ਕਿ ਦੋਵੇਂ ਸੇਵਾਵਾਂ ਵਰਤ ਰਹੇ ਲੋਕਾਂ ਨੂੰ ਆਪਣਾ LPG ਕੁਨੈਕਸ਼ਨ ਤੁਰੰਤ ਵਿਭਾਗ ਨੂੰ ਸੌਂਪਣਾ ਪਵੇਗਾ। ਜੇਕਰ ਕੋਈ ਖਪਤਕਾਰ ਆਪਣੀ ਮਰਜ਼ੀ ਨਾਲ ਕੁਨੈਕਸ਼ਨ ਸਰੈਂਡਰ ਕਰਦਾ ਹੈ, ਤਾਂ ਉਸ 'ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ।
ਨਿਯਮ ਤੋੜਨ 'ਤੇ ਹੋਵੇਗੀ ਕਾਰਵਾਈ
ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਖਪਤਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਤੁਰੰਤ ਆਪਣੇ ਨਜ਼ਦੀਕੀ ਗੈਸ ਵਿਤਰਕ (Distributor) ਜਾਂ ਕੰਪਨੀ ਦੇ ਆਨਲਾਈਨ ਪੋਰਟਲ 'ਤੇ ਜਾ ਕੇ ਵਾਧੂ ਕੁਨੈਕਸ਼ਨ ਸਮਰਪਣ ਕਰ ਦੇਣ।
ਇਸ ਫੈਸਲੇ ਨਾਲ ਜਿੱਥੇ ਗੈਸ ਦੀ ਦੁਰਵਰਤੋਂ ਰੁਕੇਗੀ, ਉੱਥੇ ਹੀ ਸਰਕਾਰ ਦਾ ਮੰਤਵ ਪਾਈਪਡ ਗੈਸ ਦੇ ਨੈੱਟਵਰਕ ਨੂੰ ਹੋਰ ਉਤਸ਼ਾਹਿਤ ਕਰਨਾ ਹੈ।
Get all latest content delivered to your email a few times a month.