ਤਾਜਾ ਖਬਰਾਂ
ਗੁਆਂਢੀ ਮੁਲਕਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਸਬੰਧ ਪੂਰੀ ਤਰ੍ਹਾਂ ਵਿਗੜ ਗਏ ਹਨ। ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਇੱਕ ਹੈਰਾਨੀਜਨਕ ਦਾਅਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਹਵਾਈ ਸੈਨਾ ਨੇ ਸ਼ੁੱਕਰਵਾਰ ਸ਼ਾਮ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸਥਿਤ ਇੱਕ ਰਣਨੀਤਕ ਫ਼ੌਜੀ ਕੇਂਦਰ 'ਤੇ ਹਵਾਈ ਹਮਲਾ ਕੀਤਾ ਹੈ। ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਜੰਗ ਦੇ ਹਾਲਾਤ ਬਣ ਗਏ ਹਨ।
ਡਰੋਨ ਹਮਲੇ ਨਾਲ 'ਹਮਜ਼ਾ' ਫ਼ੌਜੀ ਅੱਡੇ ਨੂੰ ਬਣਾਇਆ ਨਿਸ਼ਾਨਾ
ਅਫਗਾਨ ਰੱਖਿਆ ਮੰਤਰਾਲੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਦਿੱਤੀ ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਸ਼ਾਮ ਲਗਭਗ 5 ਵਜੇ ਇਸਲਾਮਾਬਾਦ ਦੇ ਫੈਜ਼ਾਬਾਦ ਇਲਾਕੇ ਵਿੱਚ ਸਥਿਤ "ਹਮਜ਼ਾ" ਫ਼ੌਜੀ ਅੱਡੇ 'ਤੇ ਡਰੋਨਾਂ ਰਾਹੀਂ ਬੰਬਾਰੀ ਕੀਤੀ ਗਈ। ਅਫਗਾਨਿਸਤਾਨ ਦਾ ਦਾਅਵਾ ਹੈ ਕਿ ਇਸ ਹਮਲੇ ਵਿੱਚ ਪਾਕਿਸਤਾਨੀ ਫ਼ੌਜ ਦੇ ਅਹਿਮ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀ ਖ਼ਬਰ ਹੈ।
ਪਾਕਿਸਤਾਨ ਦੀ ਕਾਰਵਾਈ: 'ਗ਼ਜ਼ਬ ਲਿਲ ਹੱਕ'
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਵੀ ਅਫਗਾਨਿਸਤਾਨ ਦੇ ਕਾਬੁਲ, ਪਕਤੀਆ ਅਤੇ ਕੰਧਾਰ ਖੇਤਰਾਂ ਵਿੱਚ ਹਵਾਈ ਹਮਲੇ ਕੀਤੇ ਸਨ। ਪਾਕਿਸਤਾਨੀ ਫ਼ੌਜ ਨੇ ਇਸ ਮੁਹਿੰਮ ਨੂੰ "ਗ਼ਜ਼ਬ ਲਿਲ ਹੱਕ" ਦਾ ਨਾਮ ਦਿੰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਅਫਗਾਨਿਸਤਾਨ ਵਿੱਚ ਮੌਜੂਦ ਅੱਤਵਾਦੀ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ।
ਦੂਜੇ ਪਾਸੇ, ਅਫਗਾਨਿਸਤਾਨ ਨੇ ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਕਿ ਪਾਕਿਸਤਾਨੀ ਬੰਬਾਰੀ ਰਿਹਾਇਸ਼ੀ ਇਲਾਕਿਆਂ ਵਿੱਚ ਹੋਈ ਹੈ। ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (UNAMA) ਅਨੁਸਾਰ ਕਾਬੁਲ ਦੇ ਪੁਲ-ਏ-ਚਰਖੀ ਇਲਾਕੇ ਵਿੱਚ ਹੋਏ ਹਮਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਕਈ ਨਾਗਰਿਕ ਮਾਰੇ ਗਏ ਹਨ।
ਇਸਲਾਮਾਬਾਦ ਵਿੱਚ ਹਾਈ ਅਲਰਟ: ਸੜਕਾਂ ਸੀਲ
ਹਾਲਾਂਕਿ ਪਾਕਿਸਤਾਨ ਸਰਕਾਰ ਨੇ ਅਜੇ ਤੱਕ 'ਹਮਜ਼ਾ' ਫ਼ੌਜੀ ਅੱਡੇ 'ਤੇ ਹੋਏ ਹਮਲੇ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ, ਪਰ ਰਾਜਧਾਨੀ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿੱਤੇ ਗਏ ਹਨ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਪੂਰੇ ਇਸਲਾਮਾਬਾਦ ਵਿੱਚ ਨਾਕਾਬੰਦੀ ਕਰਨ ਅਤੇ ਪ੍ਰਵੇਸ਼ ਦੁਆਰਾਂ 'ਤੇ ਸਖ਼ਤ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹਨ। ਸ਼ਹਿਰ ਵੱਲ ਆਉਣ ਵਾਲੀਆਂ ਕਈ ਮੁੱਖ ਸੜਕਾਂ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ।
ਮਾਹਿਰਾਂ ਅਨੁਸਾਰ, ਜੇਕਰ ਅਫਗਾਨਿਸਤਾਨ ਵੱਲੋਂ ਇਸਲਾਮਾਬਾਦ 'ਤੇ ਕੀਤੇ ਗਏ ਹਮਲੇ ਦੀ ਪੁਸ਼ਟੀ ਹੁੰਦੀ ਹੈ, ਤਾਂ ਇਹ ਖਿੱਤੇ ਦੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਸਾਬਤ ਹੋ ਸਕਦਾ ਹੈ।
Get all latest content delivered to your email a few times a month.