IMG-LOGO
ਹੋਮ ਪੰਜਾਬ: ਪੰਜਾਬ ਫਤਿਹ ਦਾ ਮਿਸ਼ਨ: ਮੋਗਾ ਦੀ ‘ਬਦਲਾਵ ਰੈਲੀ’ ਨਾਲ ਭਾਜਪਾ...

ਪੰਜਾਬ ਫਤਿਹ ਦਾ ਮਿਸ਼ਨ: ਮੋਗਾ ਦੀ ‘ਬਦਲਾਵ ਰੈਲੀ’ ਨਾਲ ਭਾਜਪਾ ਫੂਕੇਗੀ 2027 ਚੋਣਾਂ ਦਾ ਬਿਗਲ

Admin User - Mar 14, 2026 10:03 AM
IMG

ਪੰਜਾਬ ਦੀ ਸਿਆਸਤ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਗੂੰਜ ਹੁਣੇ ਤੋਂ ਸੁਣਾਈ ਦੇਣ ਲੱਗੀ ਹੈ। ਭਾਰਤੀ ਜਨਤਾ ਪਾਰਟੀ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਮੋਗਾ ਦੇ ਇਤਿਹਾਸਕ ਪਿੰਡ ਕਿੱਲੀ ਚਾਹਲ ਨੂੰ ਚੁਣਿਆ ਹੈ, ਜਿੱਥੇ ਅੱਜ ਵਿਸ਼ਾਲ ‘ਬਦਲਾਵ ਰੈਲੀ’ ਕਰਵਾਈ ਜਾ ਰਹੀ ਹੈ। ਇਸ ਰੈਲੀ ਦੀ ਖ਼ਾਸ ਗੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਮਦ ਹੈ, ਜੋ ਨਾ ਸਿਰਫ਼ ਵਰਕਰਾਂ ਵਿੱਚ ਜੋਸ਼ ਭਰਨਗੇ ਬਲਕਿ ਪੰਜਾਬ ਫਤਿਹ ਕਰਨ ਦਾ ਵਿਸ਼ੇਸ਼ ‘ਮੰਤਰ’ ਵੀ ਸਾਂਝਾ ਕਰਨਗੇ।


ਦੱਸਿਆ ਜਾਂਦਾ ਹੈ ਕਿ ਰਾਜਨੀਤਿਕ ਪਾਰਟੀਆਂ ਕਿੱਲੀ ਚਾਹਲ ਨੂੰ ਚੋਣਾਂ ਲਈ ਇੱਕ ‘ਸ਼ੁਭ’ ਸਥਾਨ ਮੰਨਦੀਆਂ ਹਨ। ਇਹੀ ਕਾਰਨ ਹੈ ਕਿ ਭਾਜਪਾ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਲਈ ਇਸ ਖੇਤਰ ਨੂੰ ਚੁਣਿਆ ਹੈ। ਰੈਲੀ ਦੇ ਪ੍ਰਬੰਧਾਂ ਲਈ 115 ਏਕੜ ਰਕਬੇ ਦੀ ਵਰਤੋਂ ਕੀਤੀ ਗਈ ਹੈ, ਜਿਸ ਵਿੱਚੋਂ ਵੱਡਾ ਹਿੱਸਾ ਸਿਰਫ਼ ਪੰਡਾਲ ਲਈ ਰੱਖਿਆ ਗਿਆ ਹੈ ਤਾਂ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚਣ ਵਾਲੇ ਲੋਕ ਅਰਾਮ ਨਾਲ ਗ੍ਰਹਿ ਮੰਤਰੀ ਨੂੰ ਸੁਣ ਸਕਣ।


ਪਾਰਟੀ ਆਗੂਆਂ ਮੁਤਾਬਕ ਅਮਿਤ ਸ਼ਾਹ ਦੁਪਹਿਰ 12 ਤੋਂ 1 ਵਜੇ ਦੇ ਕਰੀਬ ਰੈਲੀ ਵਾਲੀ ਥਾਂ ’ਤੇ ਪਹੁੰਚਣਗੇ। ਉਹ ਲਗਭਗ ਇੱਕ ਘੰਟਾ ਭਾਸ਼ਣ ਦੇਣਗੇ। ਭਾਜਪਾ ਨੇ ਇਸ ਰੈਲੀ ਵਿੱਚ ਇੱਕ ਲੱਖ ਲੋਕਾਂ ਦੇ ਇਕੱਠ ਦਾ ਟੀਚਾ ਰੱਖਿਆ ਹੈ, ਜਿਸ ਲਈ ਹਲਕਾ ਇੰਚਾਰਜਾਂ ਨੂੰ 1,000 ਤੋਂ 2,000 ਵਰਕਰ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਮੋਗਾ ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ 1,000 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।


ਰੈਲੀ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਕੋਈ ਮੁਸ਼ਕਲ ਨਾ ਆਵੇ, ਇਸ ਲਈ ਪੁਲਿਸ ਨੇ ਵਿਸ਼ੇਸ਼ ਰੂਟ ਜਾਰੀ ਕੀਤੇ ਹਨ। ਫਰੀਦਕੋਟ ਅਤੇ ਫਿਰੋਜ਼ਪੁਰ ਤੋਂ ਲੁਧਿਆਣਾ ਜਾਣ ਵਾਲੇ ਵਾਹਨ ਹੁਣ ਤਲਵੰਡੀ ਭਾਈ, ਜ਼ੀਰਾ ਅਤੇ ਧਰਮਕੋਟ ਰਾਹੀਂ ਸਿੱਧਵਾਂ ਬੇਟ ਹੋ ਕੇ ਜਾਣਗੇ। ਇਸੇ ਤਰ੍ਹਾਂ ਬਰਨਾਲਾ ਅਤੇ ਪਟਿਆਲਾ ਵਾਲੇ ਪਾਸਿਓਂ ਅੰਮ੍ਰਿਤਸਰ ਜਾਣ ਵਾਲੇ ਲੋਕਾਂ ਨੂੰ ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਦਾ ਰਸਤਾ ਲੈਣ ਦੀ ਸਲਾਹ ਦਿੱਤੀ ਗਈ ਹੈ।


ਚੰਡੀਗੜ੍ਹ ਅਤੇ ਲੁਧਿਆਣਾ ਤੋਂ ਆਉਣ ਵਾਲੇ ਵਾਹਨਾਂ ਲਈ ਨਾਨਕਸਰ ਅਤੇ ਕੋਕਰੀ ਕਲਾਂ ਰਾਹੀਂ ਰਸਤਾ ਮੋੜਿਆ ਗਿਆ ਹੈ। ਰੈਲੀ ਵਿੱਚ ਸ਼ਾਮਲ ਹੋਣ ਵਾਲੇ ਵਾਹਨਾਂ ਨੂੰ ਮੋਗਾ-ਬੁੱਗੀਪੁਰਾ ਚੌਕ ਤੋਂ ਲੰਘਣ ਲਈ ਕਿਹਾ ਗਿਆ ਹੈ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਫ਼ਰ 'ਤੇ ਨਿਕਲਣ ਤੋਂ ਪਹਿਲਾਂ ਇਨ੍ਹਾਂ ਨਵੇਂ ਰੂਟਾਂ ਦਾ ਧਿਆਨ ਰੱਖਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.