ਤਾਜਾ ਖਬਰਾਂ
ਬਾਘਾਪੁਰਾਣਾ ਦੇ ਚਰਚਿਤ ਹਰਵਿੰਦਰ ਸਿੰਘ ਹੈਪੀ ਸਰਪੰਚ ਕਤਲਕਾਂਡ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਕਤਲ ਦੇ ਮੁੱਖ ਦੋਸ਼ੀ ਮਨਪ੍ਰੀਤ ਸਿੰਘ ਬਬਲੂ ਨੂੰ ਪੁਲਿਸ ਨੇ ਲੱਦਾਖ ਦੀਆਂ ਪਹਾੜੀਆਂ ਤੋਂ ਦਬੋਚ ਲਿਆ ਹੈ। ਬਬਲੂ, ਜੋ ਕਿ ਰੁਪਿੰਦਰ ਕੌਰ ਦਾ ਪਤੀ ਹੈ, ਵਾਰਦਾਤ ਤੋਂ ਬਾਅਦ ਫਰਾਰ ਚੱਲ ਰਿਹਾ ਸੀ। ਮੋਗਾ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਮੁਲਜ਼ਮ ਨੂੰ ਵਾਪਸ ਲਿਆਉਣ ਲਈ ਲੱਦਾਖ ਰਵਾਨਾ ਹੋ ਚੁੱਕੀ ਹੈ।
ਖੁਫੀਆ ਆਪਰੇਸ਼ਨ ਰਾਹੀਂ ਹੋਈ ਗ੍ਰਿਫ਼ਤਾਰੀ
ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਇਸ ਗ੍ਰਿਫ਼ਤਾਰੀ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਸੂਤਰ ਦੱਸਦੇ ਹਨ ਕਿ ਟੈਕਨੀਕਲ ਨਿਗਰਾਨੀ ਅਤੇ ਖੁਫੀਆ ਸੂਚਨਾਵਾਂ ਦੇ ਅਧਾਰ 'ਤੇ ਪੁਲਿਸ ਨੇ ਬਬਲੂ ਦੇ ਲੁਕਣ ਦੀ ਥਾਂ ਦਾ ਪਤਾ ਲਗਾਇਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਜਲਦ ਹੀ ਮੁਲਜ਼ਮ ਨੂੰ ਮੋਗਾ ਲਿਆ ਕੇ ਮੀਡੀਆ ਸਾਹਮਣੇ ਪੇਸ਼ ਕਰ ਸਕਦੀ ਹੈ, ਜਿੱਥੇ ਇਸ ਕਤਲ ਪਿੱਛੇ ਛੁਪੇ ਕਈ ਅਹਿਮ ਰਾਜ਼ ਖੁੱਲ੍ਹਣ ਦੀ ਉਮੀਦ ਹੈ।
ਵਿਧਾਇਕ ਸੁਖਾਨੰਦ ਦੇ ਤਿੱਖੇ ਤੇਵਰ: "ਰੁਪਿੰਦਰ ਕੌਰ ਹੀ ਲੜਾਈ ਦੀ ਜੜ੍ਹ"
ਇਸ ਮਾਮਲੇ ਵਿੱਚ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ। ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਇਸ ਕਤਲਕਾਂਡ 'ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਸਿੱਧੀ ਚੇਤਾਵਨੀ ਦਿੱਤੀ ਹੈ। ਵਿਧਾਇਕ ਨੇ ਇਸ ਪੂਰੀ ਖੂਨੀ ਲੜਾਈ ਦੀ ਜੜ੍ਹ ਰੁਪਿੰਦਰ ਕੌਰ ਨੂੰ ਦੱਸਿਆ ਹੈ।
ਉਨ੍ਹਾਂ ਨੇ ਸਪੱਸ਼ਟ ਲਫ਼ਜ਼ਾਂ ਵਿੱਚ ਕਿਹਾ "ਮੈਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਵਾ ਕੇ ਹੀ ਦਮ ਲਵਾਂਗਾ। ਕੋਈ ਹੋਰ ਅਧਿਕਾਰੀ ਜਾਂ ਏਜੰਸੀ ਕਾਰਵਾਈ ਕਰੇ ਜਾਂ ਨਾ ਕਰੇ, ਪਰ ਮੈਂ ਦੋਸ਼ੀਆਂ ਨੂੰ ਬਖਸ਼ਾਂਗਾ ਨਹੀਂ। ਜਿਸ ਦੀ ਗਲਤੀ ਹੈ, ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲਣੀ ਹੀ ਚਾਹੀਦੀ ਹੈ।"
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬਾਘਾਪੁਰਾਣਾ ਵਿੱਚ ਹਰਵਿੰਦਰ ਸਿੰਘ ਹੈਪੀ ਸਰਪੰਚ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਪਰਿਵਾਰ ਵੱਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਸੀ। ਹੁਣ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਨਾਲ ਪੀੜਤ ਪਰਿਵਾਰ ਨੂੰ ਇਨਸਾਫ਼ ਦੀ ਆਸ ਬੱਝੀ ਹੈ।
Get all latest content delivered to your email a few times a month.