ਤਾਜਾ ਖਬਰਾਂ
ਗੈਸ ਸਿਲੰਡਰਾਂ ਦੀ ਘਾਟ ਅਤੇ ਮੌਜੂਦਾ ਅੰਤਰਰਾਸ਼ਟਰੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਨੇ ਪੰਜਾਬ ਲਈ ਮਿੱਟੀ ਦੇ ਤੇਲ ਦਾ ਕੋਟਾ ਮੁੜ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਲਗਭਗ 14 ਸਾਲਾਂ ਬਾਅਦ ਲਿਆ ਗਿਆ ਇਹ ਫੈਸਲਾ ਸੂਬੇ ਦੇ ਲੱਖਾਂ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ, ਕੇਂਦਰ ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਜਲਦ ਹੀ ਪੰਜਾਬ ਦੇ ਸਰਕਾਰੀ ਰਾਸ਼ਨ ਡਿਪੂਆਂ ਰਾਹੀਂ ਮਿੱਟੀ ਦੇ ਤੇਲ ਦੀ ਸਪਲਾਈ ਮੁੜ ਸ਼ੁਰੂ ਕੀਤੀ ਜਾਵੇਗੀ। ਯਾਦ ਰਹੇ ਕਿ ਸਾਲ 2012 ਵਿੱਚ ਕੇਂਦਰ ਨੇ ਪੰਜਾਬ ਲਈ ਮਿੱਟੀ ਦੇ ਤੇਲ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਸੀ, ਜਿਸ ਕਾਰਨ ਰਾਜ ਦੇ 22 ਹਜ਼ਾਰ ਤੋਂ ਵੱਧ ਡਿਪੂਆਂ ‘ਤੇ ਇਸ ਦੀ ਵੰਡ ਰੁਕ ਗਈ ਸੀ।
ਮੌਜੂਦਾ ਸਮੇਂ ਵਿੱਚ ਵਿਸ਼ਵ ਪੱਧਰ ‘ਤੇ ਊਰਜਾ ਸਪਲਾਈ ‘ਤੇ ਪੈ ਰਹੇ ਪ੍ਰਭਾਵ, ਖ਼ਾਸ ਕਰਕੇ ਖਾੜੀ ਖੇਤਰ ਵਿੱਚ ਤਣਾਅ ਅਤੇ ਹਮਲਿਆਂ ਕਾਰਨ, ਗੈਸ ਸਿਲੰਡਰਾਂ ਦੀ ਉਪਲਬਧਤਾ ‘ਚ ਆਈ ਕਮੀ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਗਿਆ ਹੈ। ਇਸ ਫੈਸਲੇ ਨਾਲ ਖ਼ਾਸ ਤੌਰ ‘ਤੇ ਉਹਨਾਂ ਗਰੀਬ ਅਤੇ ਪਿੰਡਾਂ ਦੇ ਪਰਿਵਾਰਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਲਈ ਐਲਪੀਜੀ ਗੈਸ ਹਮੇਸ਼ਾਂ ਉਪਲਬਧ ਨਹੀਂ ਹੁੰਦੀ।
ਅੰਦਾਜ਼ੇ ਮੁਤਾਬਕ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨਾਲ ਜੁੜੇ ਪੰਜਾਬ ਦੇ ਲਗਭਗ 38 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਸਕਦਾ ਹੈ। ਪ੍ਰਸਤਾਵ ਅਨੁਸਾਰ ਰਾਸ਼ਨ ਕਾਰਡ ‘ਤੇ ਦਰਜ ਹਰ ਮੈਂਬਰ ਨੂੰ ਤਿੰਨ ਮਹੀਨਿਆਂ ਵਿੱਚ ਕਰੀਬ 5 ਲੀਟਰ ਮਿੱਟੀ ਦਾ ਤੇਲ ਦਿੱਤਾ ਜਾ ਸਕਦਾ ਹੈ।
ਸਰਕਾਰ ਵੱਲੋਂ ਜਲਦ ਹੀ ਇਸ ਸੰਬੰਧੀ ਰਾਜ ਪੱਧਰ ‘ਤੇ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਡਿਪੂਆਂ ‘ਤੇ ਇਸ ਦੀ ਵੰਡ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
Get all latest content delivered to your email a few times a month.