IMG-LOGO
ਹੋਮ ਪੰਜਾਬ: ਸੋਸ਼ਲ ਮੀਡੀਆ ਬੱਚਿਆਂ ਲਈ ਬਣ ਰਿਹਾ ਖ਼ਤਰਾ: ਵਿਧਾਨ ਸਭਾ 'ਚ...

ਸੋਸ਼ਲ ਮੀਡੀਆ ਬੱਚਿਆਂ ਲਈ ਬਣ ਰਿਹਾ ਖ਼ਤਰਾ: ਵਿਧਾਨ ਸਭਾ 'ਚ ਉੱਠੀ ਉਮਰ ਸੀਮਾ ਤੈਅ ਕਰਨ ਦੀ ਮੰਗ, ਸਰਕਾਰ ਬਣਾਏਗੀ ਨਵੀਂ ਨੀਤੀ

Admin User - Mar 11, 2026 02:42 PM
IMG

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪੰਜਵੇਂ ਦਿਨ ਅੱਜ ਬੱਚਿਆਂ 'ਤੇ ਸੋਸ਼ਲ ਮੀਡੀਆ ਦੇ ਪੈ ਰਹੇ ਮਾਰੂ ਪ੍ਰਭਾਵਾਂ ਦਾ ਮੁੱਦਾ ਗੂੰਜਿਆ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਦਨ ਵਿੱਚ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜਿੱਥੇ ਸੋਸ਼ਲ ਮੀਡੀਆ ਦੇ ਅਨੇਕਾਂ ਫਾਇਦੇ ਹਨ, ਉੱਥੇ ਹੀ ਇਸ ਦੀ ਦੁਰਵਰਤੋਂ ਬੱਚਿਆਂ ਦੇ ਭਵਿੱਖ ਲਈ ਵੱਡਾ ਨੁਕਸਾਨ ਸਾਬਤ ਹੋ ਰਹੀ ਹੈ। ਉਨ੍ਹਾਂ ਸੰਕੇਤ ਦਿੱਤੇ ਕਿ ਸਰਕਾਰ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਸਬੰਧੀ ਉਮਰ ਸੀਮਾ ਤੈਅ ਕਰਨ 'ਤੇ ਵਿਚਾਰ ਕਰ ਸਕਦੀ ਹੈ।


ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਉਠਾਏ ਗਏ ਇਸ ਅਹਿਮ ਸਵਾਲ ਦਾ ਜਵਾਬ ਦਿੰਦਿਆਂ ਅਮਨ ਅਰੋੜਾ ਨੇ ਆਸਟ੍ਰੇਲੀਆ ਦੀ ਮਿਸਾਲ ਦਿੱਤੀ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ਅਤੇ ਭਾਰਤ ਦੇ ਵੀ ਦੋ ਸੂਬੇ ਇਸ ਦਿਸ਼ਾ ਵਿੱਚ ਕਦਮ ਚੁੱਕ ਰਹੇ ਹਨ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਇਸ ਗੰਭੀਰ ਮੁੱਦੇ 'ਤੇ ਕੰਮ ਸ਼ੁਰੂ ਕਰ ਚੁੱਕੀ ਹੈ।


ਮੰਤਰੀ ਨੇ ਸਦਨ ਨੂੰ ਦੱਸਿਆ ਕਿ ਬੱਚਿਆਂ ਵਿੱਚ ਮੋਬਾਇਲ ਦੀ ਲਤ ਇਸ ਲਈ ਵਧ ਰਹੀ ਹੈ ਕਿਉਂਕਿ ਉਹ ਖੇਡ ਦੇ ਮੈਦਾਨਾਂ ਤੋਂ ਦੂਰ ਹੋ ਗਏ ਹਨ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਸੂਬੇ ਵਿੱਚ 31,000 ਨਵੇਂ ਖੇਡ ਮੈਦਾਨ ਤਿਆਰ ਕਰ ਰਹੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਡਿਜੀਟਲ ਦੁਨੀਆ ਤੋਂ ਕੱਢ ਕੇ ਸਰੀਰਕ ਗਤੀਵਿਧੀਆਂ ਵੱਲ ਲਿਆਂਦਾ ਜਾ ਸਕੇ।


ਸਿਰਫ਼ ਕਾਨੂੰਨ ਜਾਂ ਪਾਬੰਦੀ ਨਾਲ ਹੱਲ ਨਾ ਹੋਣ ਦੀ ਗੱਲ ਕਰਦਿਆਂ ਅਮਨ ਅਰੋੜਾ ਨੇ ਕਿਹਾ, "ਸੋਸ਼ਲ ਮੀਡੀਆ ਬੈਨ ਕਰਨਾ ਹੀ ਇਕੱਲਾ ਹੱਲ ਨਹੀਂ ਹੈ। ਇਸ ਵਿੱਚ ਮਾਪਿਆਂ ਦੀ ਭੂਮਿਕਾ ਸਭ ਤੋਂ ਅਹਿਮ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਸ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।"


ਸਰਕਾਰ ਇਸ ਮੁੱਦੇ 'ਤੇ ਇੱਕ ਵਿਆਪਕ ਅਤੇ ਕਾਰਗਰ ਨੀਤੀ ਬਣਾਉਣ ਦੀ ਤਿਆਰੀ ਵਿੱਚ ਹੈ। ਮੰਤਰੀ ਨੇ ਸਦਨ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੀਮਤੀ ਸੁਝਾਅ ਦੇਣ ਤਾਂ ਜੋ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਨੂੰ ਸੁਰੱਖਿਅਤ ਰੱਖਣ ਲਈ ਇੱਕ ਮਜ਼ਬੂਤ ਫਰੇਮਵਰਕ ਤਿਆਰ ਕੀਤਾ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.