ਤਾਜਾ ਖਬਰਾਂ
ਜ਼ਿਲ੍ਹਾ ਮੋਹਾਲੀ ਦੇ ਅਧੀਨ ਆਉਂਦੇ ਪਿੰਡ ਟਾਂਡਾ ਦੀ ਗ੍ਰਾਮ ਪੰਚਾਇਤ ਨੇ ਇੱਕ ਵਿਵਾਦਿਤ ਅਤੇ ਸਖ਼ਤ ਮਤਾ ਪਾਸ ਕਰਦਿਆਂ ਪਿੰਡ ਵਿੱਚ 'ਪ੍ਰੇਮ ਵਿਆਹ' (ਭੱਜ ਕੇ ਵਿਆਹ ਕਰਵਾਉਣ) 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਪਿੰਡ ਦੀ ਸਰਬ ਸਾਂਝੀ ਇਕੱਤਰਤਾ ਦੌਰਾਨ ਲਏ ਗਏ ਇਸ ਫੈਸਲੇ ਮੁਤਾਬਕ, ਜੇਕਰ ਪਿੰਡ ਦਾ ਕੋਈ ਵੀ ਲੜਕਾ ਜਾਂ ਲੜਕੀ ਆਪਸ ਵਿੱਚ ਭੱਜ ਕੇ ਵਿਆਹ ਕਰਵਾਉਂਦੇ ਹਨ, ਤਾਂ ਉਨ੍ਹਾਂ ਦਾ ਪਿੰਡ ਵਿੱਚ ਦਾਖ਼ਲਾ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਵੇਗਾ।
ਸਰਕਾਰੀ ਸਹੂਲਤਾਂ ਅਤੇ ਦਸਤਾਵੇਜ਼ਾਂ 'ਤੇ ਲੱਗੇਗੀ ਰੋਕ
ਪੰਚਾਇਤ ਵੱਲੋਂ ਜਾਰੀ ਕੀਤੇ ਗਏ ਇਸ ਨਵੇਂ ਫ਼ਰਮਾਨ ਮੁਤਾਬਕ:
ਭੱਜ ਕੇ ਵਿਆਹ ਕਰਵਾਉਣ ਵਾਲਿਆਂ ਦੇ ਆਧਾਰ ਕਾਰਡ, ਵੋਟਰ ਕਾਰਡ ਅਤੇ ਰਾਸ਼ਨ ਕਾਰਡ ਪਿੰਡ ਦੇ ਪਤੇ 'ਤੇ ਨਹੀਂ ਬਣਾਏ ਜਾਣਗੇ।
ਜੇਕਰ ਕੋਈ ਪਹਿਲਾਂ ਤੋਂ ਵਿਆਹਿਆ ਮਰਦ ਜਾਂ ਔਰਤ ਕਿਸੇ ਨਾਲ ਘਰੋਂ ਭੱਜਦੇ ਹਨ, ਤਾਂ ਪੰਚਾਇਤ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇਗੀ।
ਇਸ ਕਦਮ ਦਾ ਮੁੱਖ ਮਕਸਦ ਪਿੰਡ ਦੇ ਸਮਾਜਿਕ ਤਾਣੇ-ਬਾਣੇ ਨੂੰ ਬਚਾਉਣਾ ਅਤੇ ਨੌਜਵਾਨ ਪੀੜ੍ਹੀ ਨੂੰ ਅਜਿਹੇ ਕਦਮ ਚੁੱਕਣ ਤੋਂ ਰੋਕਣਾ ਦੱਸਿਆ ਗਿਆ ਹੈ।
ਪੰਚਾਇਤ ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ ਦੋਸ਼ੀ ਜੋੜਾ ਹੀ ਨਹੀਂ, ਸਗੋਂ ਉਨ੍ਹਾਂ ਦੀ ਮਦਦ ਕਰਨ ਵਾਲੇ ਜਾਂ ਉਨ੍ਹਾਂ ਨੂੰ ਸ਼ਹਿ ਦੇਣ ਵਾਲੇ ਪਰਿਵਾਰਕ ਮੈਂਬਰਾਂ ਅਤੇ ਬਾਹਰੀ ਵਿਅਕਤੀਆਂ ਖ਼ਿਲਾਫ਼ ਵੀ ਪੰਚਾਇਤੀ ਅਤੇ ਕਾਨੂੰਨੀ ਪੱਧਰ 'ਤੇ ਸ਼ਿਕੰਜਾ ਕੱਸਿਆ ਜਾਵੇਗਾ। ਪੰਚਾਇਤ ਦਾ ਕਹਿਣਾ ਹੈ ਕਿ ਇਹ ਫੈਸਲਾ ਬਾਕੀ ਨੌਜਵਾਨਾਂ ਲਈ ਇੱਕ ਸਬਕ ਵਜੋਂ ਕੰਮ ਕਰੇਗਾ।
ਹਾਲਾਂਕਿ ਪੰਚਾਇਤ ਨੇ ਇਸ ਨੂੰ ਪਿੰਡ ਦੀ ਮਰਿਆਦਾ ਨਾਲ ਜੋੜਿਆ ਹੈ, ਪਰ ਕਾਨੂੰਨੀ ਮਾਹਿਰਾਂ ਅਨੁਸਾਰ ਕਿਸੇ ਦੇ ਸੰਵਿਧਾਨਕ ਹੱਕਾਂ (ਜਿਵੇਂ ਕਿ ਵੋਟਰ ਕਾਰਡ ਜਾਂ ਆਧਾਰ ਕਾਰਡ) ਨੂੰ ਰੋਕਣਾ ਅਤੇ ਪਿੰਡ ਵਿੱਚੋਂ ਨਿਸ਼ਕਾਸਿਤ ਕਰਨਾ ਕਾਨੂੰਨੀ ਤੌਰ 'ਤੇ ਚੁਣੌਤੀਪੂਰਨ ਹੋ ਸਕਦਾ ਹੈ।
Get all latest content delivered to your email a few times a month.