ਤਾਜਾ ਖਬਰਾਂ
ਭਾਰਤੀ ਕ੍ਰਿਕਟ ਟੀਮ ਨੇ 8 ਮਾਰਚ, 2026 ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਤੀਜੀ ਵਾਰ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਮ ਕੀਤਾ। ਜਿੱਤ ਦੀ ਉਸੇ ਰਾਤ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ, ਆਈਸੀਸੀ ਚੇਅਰਮੈਨ ਜੈ ਸ਼ਾਹ ਅਤੇ ਮੁੱਖ ਕੋਚ ਗੌਤਮ ਗੰਭੀਰ ਦੇ ਨਾਲ ਅਹਿਮਦਾਬਾਦ ਸਥਿਤ ਹਨੂਮਾਨ ਮੰਦਰ ਵਿੱਚ ਟਰਾਫੀ ਲੈ ਕੇ ਮੱਥਾ ਟੇਕਣ ਪਹੁੰਚੇ ਸਨ। ਹਾਲਾਂਕਿ, ਇਸ ਧਾਰਮਿਕ ਯਾਤਰਾ ਨੂੰ ਲੈ ਕੇ ਸਾਬਕਾ ਕ੍ਰਿਕਟਰ ਅਤੇ ਟੀਐਮਸੀ ਸੰਸਦ ਮੈਂਬਰ ਕੀਰਤੀ ਆਜ਼ਾਦ ਵੱਲੋਂ ਚੁੱਕੇ ਗਏ ਸਵਾਲਾਂ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ।
ਕੀਰਤੀ ਆਜ਼ਾਦ ਨੇ ਕੀ ਕਿਹਾ?
1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਕੀਰਤੀ ਆਜ਼ਾਦ ਨੇ ਸੂਰਿਆਕੁਮਾਰ ਦੇ ਟਰਾਫੀ ਮੰਦਰ ਲਿਜਾਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਖੇਡ ਅਤੇ ਖਿਡਾਰੀ ਦਾ ਕੋਈ ਵਿਸ਼ੇਸ਼ ਧਰਮ ਨਹੀਂ ਹੁੰਦਾ। ਉਨ੍ਹਾਂ ਕਿਹਾ, "ਭਾਰਤੀ ਟੀਮ ਵਿੱਚ ਕਈ ਧਰਮਾਂ ਦੇ ਲੋਕ ਹੁੰਦੇ ਹਨ ਅਤੇ ਸਾਰੇ ਮਿਲ ਕੇ ਜਿੱਤ ਦਿਵਾਉਂਦੇ ਹਨ। ਜੇਕਰ ਅਜਿਹਾ ਹੁੰਦਾ ਰਿਹਾ ਤਾਂ ਭਾਰਤ ਅਤੇ ਪਾਕਿਸਤਾਨ ਵਿੱਚ ਕੀ ਫਰਕ ਰਹਿ ਜਾਵੇਗਾ? ਮੈਂ ਖੇਡਦੇ ਸਮੇਂ ਕਦੇ ਵੀ ਇਸ ਨੂੰ ਆਪਣੇ ਧਰਮ ਨਾਲ ਨਹੀਂ ਜੋੜਿਆ, ਇਸ ਲਈ ਅਜਿਹੀਆਂ ਚੀਜ਼ਾਂ ਸਹੀ ਨਹੀਂ ਹਨ।"
ਹਰਭਜਨ ਸਿੰਘ ਨੇ ਦਿੱਤਾ ਮੂੰਹ-ਤੋੜ ਜਵਾਬ
ਕੀਰਤੀ ਆਜ਼ਾਦ ਦੇ ਇਸ ਬਿਆਨ 'ਤੇ ਸਾਬਕਾ ਦਿੱਗਜ ਸਪਿਨਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ (ਭੱਜੀ) ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਹਰਭਜਨ ਨੇ ਕਿਹਾ, "ਕਿਰਪਾ ਕਰਕੇ ਉਨ੍ਹਾਂ (ਕੀਰਤੀ ਆਜ਼ਾਦ) ਦੀਆਂ ਗੱਲਾਂ ਵੱਲ ਧਿਆਨ ਨਾ ਦਿਓ। ਖੇਡ ਅਤੇ ਰਾਜਨੀਤੀ ਨੂੰ ਵੱਖ ਰੱਖਿਆ ਜਾਣਾ ਚਾਹੀਦਾ ਹੈ। ਇਹ ਹਰ ਇਨਸਾਨ ਦੀ ਨਿੱਜੀ ਆਸਥਾ ਹੈ ਕਿ ਉਹ ਮੰਦਰ ਜਾਵੇ, ਗੁਰਦੁਆਰੇ ਜਾਵੇ ਜਾਂ ਕਿਤੇ ਹੋਰ।"
ਹਰਭਜਨ ਨੇ ਅੱਗੇ ਕਿਹਾ, "ਜੇਕਰ ਸੂਰਿਆਕੁਮਾਰ ਯਾਦਵ ਅਤੇ ਗੌਤਮ ਗੰਭੀਰ ਟਰਾਫੀ ਲੈ ਕੇ ਉੱਥੇ ਗਏ ਹਨ, ਤਾਂ ਇਹ ਉਨ੍ਹਾਂ ਦੀ ਇੱਛਾ ਸੀ। ਜੇਕਰ ਕਿਸੇ ਨੇ ਕੋਈ ਸੁੱਖਣਾ ਸੁੱਖੀ ਹੈ, ਤਾਂ ਉਹ ਕਿਤੇ ਵੀ ਜਾ ਸਕਦਾ ਹੈ। ਇਸ 'ਤੇ ਗ਼ਲਤ ਬਿਆਨਬਾਜ਼ੀ ਕਰਨਾ ਜਾਂ ਸਵਾਲ ਚੁੱਕਣਾ ਬਿਲਕੁਲ ਵੀ ਜਾਇਜ਼ ਨਹੀਂ ਹੈ।"
ਟੀਮ ਇੰਡੀਆ ਦਾ ਦਬਦਬਾ
ਦੱਸਣਯੋਗ ਹੈ ਕਿ ਭਾਰਤੀ ਟੀਮ ਨੇ ਇਸ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਫਾਈਨਲ ਵਿੱਚ ਕੀਵੀਆਂ ਨੂੰ ਇਕਤਰਫ਼ਾ ਮੁਕਾਬਲੇ ਵਿੱਚ ਮਾਤ ਦੇ ਕੇ ਵਿਸ਼ਵ ਕ੍ਰਿਕਟ ਵਿੱਚ ਆਪਣੀ ਸਰਦਾਰੀ ਕਾਇਮ ਰੱਖੀ। ਜਿੱਥੇ ਦੇਸ਼ ਭਰ ਵਿੱਚ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ, ਉੱਥੇ ਹੀ ਸਿਆਸੀ ਗਲਿਆਰਿਆਂ ਵਿੱਚ ਇਸ ਤਰ੍ਹਾਂ ਦੀ ਬਹਿਸ ਨੇ ਸੋਸ਼ਲ ਮੀਡੀਆ 'ਤੇ ਵੀ ਨਵੀਂ ਚਰਚਾ ਛੇੜ ਦਿੱਤੀ ਹੈ।
Get all latest content delivered to your email a few times a month.