ਤਾਜਾ ਖਬਰਾਂ
ਮੁੰਬਈ: ਲਗਾਤਾਰ ਗਿਰਾਵਟ ਤੋਂ ਬਾਅਦ ਭਾਰਤੀ ਸਟਾਕ ਮਾਰਕੀਟ ਨੇ ਮੰਗਲਵਾਰ ਨੂੰ ਸ਼ਾਨਦਾਰ ਵਾਪਸੀ ਕੀਤੀ ਹੈ। ਦਿਨ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਹੀ ਨਿਵੇਸ਼ਕਾਂ ਨੇ ਚੌਤਰਫ਼ਾ ਖਰੀਦਦਾਰੀ ਕੀਤੀ, ਜਿਸ ਸਦਕਾ ਸੈਂਸੈਕਸ ਅਤੇ ਨਿਫਟੀ ਵਿੱਚ ਵੱਡਾ ਉਛਾਲ ਦਰਜ ਕੀਤਾ ਗਿਆ। ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ ਵਿੱਚ 800 ਅੰਕਾਂ ਤੋਂ ਵੱਧ ਦੀ ਤੇਜ਼ੀ ਦੇਖੀ ਗਈ, ਜਿਸ ਨੇ ਨਿਵੇਸ਼ਕਾਂ ਦੇ ਚਿਹਰਿਆਂ 'ਤੇ ਮੁੜ ਰੌਣਕ ਲਿਆ ਦਿੱਤੀ ਹੈ।
ਗਲੋਬਲ ਸੰਕੇਤਾਂ ਨੇ ਭਰਿਆ ਉਤਸ਼ਾਹ
ਭਾਰਤੀ ਬਾਜ਼ਾਰ ਦੀ ਇਸ ਤੇਜ਼ੀ ਪਿੱਛੇ ਏਸ਼ੀਆਈ ਬਾਜ਼ਾਰਾਂ ਦਾ ਅਹਿਮ ਯੋਗਦਾਨ ਰਿਹਾ। ਜਪਾਨ ਦੇ 'ਨਿੱਕੇਈ' ਅਤੇ ਦੱਖਣੀ ਕੋਰੀਆ ਦੇ 'ਕੋਸਪੀ' ਵਰਗੇ ਵੱਡੇ ਇੰਡੈਕਸਾਂ ਵਿੱਚ 3% ਤੋਂ 5% ਤੱਕ ਦਾ ਭਾਰੀ ਵਾਧਾ ਦਰਜ ਕੀਤਾ ਗਿਆ। ਮਾਹਿਰਾਂ ਅਨੁਸਾਰ, ਅੰਤਰਰਾਸ਼ਟਰੀ ਪੱਧਰ 'ਤੇ ਨਿਵੇਸ਼ਕਾਂ ਦਾ ਭਰੋਸਾ ਵਧਣ ਕਾਰਨ ਭਾਰਤੀ ਸ਼ੇਅਰਾਂ ਦੀ ਮੰਗ ਵਿੱਚ ਤੇਜ਼ੀ ਆਈ ਹੈ।
ਤੇਲ ਦੀਆਂ ਕੀਮਤਾਂ 'ਚ ਵੱਡੀ ਕਟੌਤੀ, 92 ਡਾਲਰ 'ਤੇ ਆਇਆ ਬ੍ਰੈਂਟ ਕਰੂਡ
ਭਾਰਤ ਵਰਗੇ ਤੇਲ ਆਯਾਤ ਕਰਨ ਵਾਲੇ ਦੇਸ਼ ਲਈ ਵੱਡੀ ਰਾਹਤ ਦੀ ਖ਼ਬਰ ਇਹ ਹੈ ਕਿ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 6.5% ਤੱਕ ਡਿੱਗ ਗਈਆਂ ਹਨ। 10 ਮਾਰਚ ਨੂੰ ਤੇਲ ਦੀਆਂ ਕੀਮਤਾਂ ਵਿੱਚ ਆਈ ਇਸ ਗਿਰਾਵਟ ਨੇ ਪਿਛਲੇ ਤਿੰਨ ਸਾਲਾਂ ਦੇ ਉੱਚੇ ਪੱਧਰ ਨੂੰ ਪਿੱਛੇ ਛੱਡ ਦਿੱਤਾ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਵੀ ਤੇਲ ਦੀਆਂ ਕੀਮਤਾਂ ਵਿੱਚ 6% ਦੀ ਵੱਡੀ ਕਟੌਤੀ ਦੇਖੀ ਗਈ, ਜੋ ਕਿ ਆਰਥਿਕਤਾ ਲਈ ਸ਼ੁਭ ਸੰਕੇਤ ਹੈ।
ਟਰੰਪ ਦਾ ਬਿਆਨ ਬਣਿਆ ‘ਗੇਮ ਚੇਂਜਰ’
ਕੱਚੇ ਤੇਲ ਅਤੇ ਸ਼ੇਅਰ ਬਾਜ਼ਾਰ ਵਿੱਚ ਇਸ ਵੱਡੀ ਤਬਦੀਲੀ ਪਿੱਛੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਤਾਜ਼ਾ ਬਿਆਨ ਮੰਨਿਆ ਜਾ ਰਿਹਾ ਹੈ। ਟਰੰਪ ਨੇ ਸੰਕੇਤ ਦਿੱਤੇ ਹਨ ਕਿ ਮੱਧ ਪੂਰਬ (ਈਰਾਨ-ਇਜ਼ਰਾਈਲ) ਵਿੱਚ ਚੱਲ ਰਹੀ ਜੰਗ ਜਲਦੀ ਹੀ ਖ਼ਤਮ ਹੋ ਸਕਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਵਿਸ਼ਵਵਿਆਪੀ ਤੇਲ ਸਪਲਾਈ ਵਿੱਚ ਕਿਸੇ ਵੀ ਰੁਕਾਵਟ ਨੂੰ ਬਰਦਾਸ਼ਤ ਨਹੀਂ ਕਰੇਗਾ। ਟਰੰਪ ਵੱਲੋਂ ਜੰਗ ਦੇ ਹੱਲ ਲਈ ਦਿੱਤੇ ਗਏ ਭਰੋਸੇ ਤੋਂ ਬਾਅਦ ਦੁਨੀਆ ਭਰ ਦੇ ਬਾਜ਼ਾਰਾਂ ਵਿੱਚੋਂ 'ਸਪਲਾਈ ਸੰਕਟ' ਦਾ ਡਰ ਖ਼ਤਮ ਹੋ ਗਿਆ ਹੈ, ਜਿਸ ਦਾ ਸਿੱਧਾ ਫਾਇਦਾ ਸਟਾਕ ਮਾਰਕੀਟ ਨੂੰ ਮਿਲਿਆ ਹੈ।
Get all latest content delivered to your email a few times a month.