ਤਾਜਾ ਖਬਰਾਂ
ਮਸ਼ਹੂਰ ਬਾਲੀਵੁੱਡ ਗਾਇਕ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਉਰਫ਼ ਬਾਦਸ਼ਾਹ ਵੱਡੀ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਹਨ। ਸੋਸ਼ਲ ਮੀਡੀਆ ਅਤੇ ਗੀਤਾਂ ਵਿੱਚ ਇਤਰਾਜ਼ਯੋਗ ਸਮੱਗਰੀ ਦੇ ਪ੍ਰਸਾਰ ਵਿਰੁੱਧ ਸਖ਼ਤ ਰੁਖ਼ ਅਪਣਾਉਂਦੇ ਹੋਏ ਹਰਿਆਣਾ ਪੁਲਿਸ ਨੇ ਗਾਇਕ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਪੰਚਕੂਲਾ ਪੁਲਿਸ ਨੇ ਉਨ੍ਹਾਂ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ 'ਟਟੀਰੀ' (Tatiri) ਦੇ ਮਾਮਲੇ ਵਿੱਚ FIR ਦਰਜ ਕਰਦਿਆਂ ਉਨ੍ਹਾਂ ਦੇ ਖ਼ਿਲਾਫ਼ ਲੁੱਕਆਊਟ ਸਰਕੂਲਰ (LOC) ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਉਹ ਦੇਸ਼ ਛੱਡ ਕੇ ਬਾਹਰ ਨਾ ਜਾ ਸਕਣ।
ਸਕੂਲੀ ਬੱਚੀਆਂ ਅਤੇ ਔਰਤਾਂ ਪ੍ਰਤੀ ਇਤਰਾਜ਼ਯੋਗ ਟਿੱਪਣੀਆਂ ਦੇ ਦੋਸ਼
ਸਾਈਬਰ ਥਾਣਾ ਸੈਕਟਰ-20, ਪੰਚਕੂਲਾ ਵਿੱਚ 6 ਮਾਰਚ 2026 ਨੂੰ ਦਰਜ ਕੀਤੀ ਗਈ FIR ਅਨੁਸਾਰ, ਇਸ ਗੀਤ ਦੀ ਵੀਡੀਓ ਵਿੱਚ ਸਕੂਲ ਦੀ ਵਰਦੀ ਪਹਿਨੀਆਂ ਨਾਬਾਲਗ ਬੱਚੀਆਂ ਨੂੰ ਸਕੂਲ ਬੈਗ ਸੁੱਟਦੇ ਅਤੇ ਪੜ੍ਹਾਈ ਤੋਂ ਦੂਰ ਭੱਜਦੇ ਦਿਖਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗੀਤ ਵਿੱਚ 'ਬਾਦਸ਼ਾਲਾ' ਵਰਗੇ ਸ਼ਬਦਾਂ ਦੀ ਵਰਤੋਂ ਕਰਕੇ ਸਕੂਲ ਅਤੇ ਸਿੱਖਿਆ ਦੇ ਮਾਹੌਲ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਗੀਤ ਵਿੱਚ ਔਰਤਾਂ ਅਤੇ ਕੁੜੀਆਂ ਪ੍ਰਤੀ ਵੀ ਬੇਹੱਦ ਇਤਰਾਜ਼ਯੋਗ ਅਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।
ਹਰਿਆਣਾ ਰੋਡਵੇਜ਼ ਦੀ ਬੱਸ ਅਤੇ ਸਰਕਾਰੀ ਸਕੂਲ ਦੀ ਵਰਤੋਂ 'ਤੇ ਜਾਂਚ
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਵੀਡੀਓ ਵਿੱਚ ਜੀਂਦ ਡਿਪੂ ਦੀ ਹਰਿਆਣਾ ਰੋਡਵੇਜ਼ ਦੀ ਬੱਸ ਦਿਖਾਈ ਗਈ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਬੱਸ ਅਤੇ ਸਰਕਾਰੀ ਸਕੂਲ ਦੇ ਅੰਦਰ ਸ਼ੂਟਿੰਗ ਕਰਨ ਲਈ ਸਬੰਧਤ ਵਿਭਾਗਾਂ ਤੋਂ ਅਧਿਕਾਰਤ ਇਜਾਜ਼ਤ ਲਈ ਗਈ ਸੀ ਜਾਂ ਨਹੀਂ। ਜੇਕਰ ਬਿਨਾਂ ਇਜਾਜ਼ਤ ਵਰਤੋਂ ਪਾਈ ਗਈ, ਤਾਂ ਧਾਰਾ 120-ਬੀ ਤਹਿਤ ਵੀ ਕਾਰਵਾਈ ਕੀਤੀ ਜਾਵੇਗੀ।
ਗਾਇਕ ਨੂੰ ਨੋਟਿਸ ਅਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ
ਪੰਚਕੂਲਾ ਪੁਲਿਸ ਨੇ ਗਾਇਕ ਬਾਦਸ਼ਾਹ ਨੂੰ ਤੁਰੰਤ ਪੁਲਿਸ ਸਾਹਮਣੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਵੱਖ-ਵੱਖ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।
ਸੋਸ਼ਲ ਮੀਡੀਆ ਤੋਂ ਹਟਾਇਆ ਗਾਣਾ
ਪੁਲਿਸ ਦੀ ਸਖ਼ਤੀ ਤੋਂ ਬਾਅਦ ਬਾਦਸ਼ਾਹ ਦੇ ਅਧਿਕਾਰਤ ਯੂਟਿਊਬ ਚੈਨਲ ਤੋਂ ਵਿਵਾਦਿਤ ਗੀਤ ਨੂੰ ਹਟਾ ਦਿੱਤਾ ਗਿਆ ਹੈ। ਹੋਰ ਮਿਊਜ਼ਿਕ ਪਲੇਟਫਾਰਮਾਂ ਅਤੇ ਸੋਸ਼ਲ ਮੀਡੀਆ ਹੈਂਡਲਜ਼ ਤੋਂ ਵੀ ਇਸ ਗਾਣੇ ਨਾਲ ਸਬੰਧਤ ਰੀਲਾਂ ਅਤੇ ਸ਼ਾਰਟ ਵੀਡੀਓਜ਼ ਨੂੰ ਹਟਾਉਣ ਲਈ ਨੋਟਿਸ ਜਾਰੀ ਕੀਤੇ ਗਏ ਹਨ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਸ ਗਾਣੇ ਦੀ ਰੀਲ ਬਣਾ ਕੇ ਜਾਂ ਇਸ ਨੂੰ ਸਾਂਝਾ ਕਰਕੇ ਇਤਰਾਜ਼ਯੋਗ ਸਮੱਗਰੀ ਦਾ ਪ੍ਰਸਾਰ ਕਰਦਾ ਪਾਇਆ ਗਿਆ, ਤਾਂ ਉਸ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.