ਤਾਜਾ ਖਬਰਾਂ
ਗੁਜਰਾਤ ਦੇ ਸੂਰਤ ਸ਼ਹਿਰ ਦੇ ਵਰਾਛਾ ਇਲਾਕੇ ਵਿੱਚ ਤੇਜ਼ ਰਫ਼ਤਾਰ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਹੈ। ਇੱਥੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਹੋਈ ਜ਼ੋਰਦਾਰ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਦੀਆਂ ਤਸਵੀਰਾਂ ਰੂਹ ਕੰਬਾਊ ਹਨ।
10 ਫੁੱਟ ਹਵਾ ਵਿੱਚ ਉੱਛਲਿਆ ਨੌਜਵਾਨ
ਇਹ ਦਰਦਨਾਕ ਹਾਦਸਾ 4 ਮਾਰਚ ਦੀ ਸ਼ਾਮ ਕਰੀਬ 6 ਵਜੇ ਵਾਪਰਿਆ। ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਲਾਲ ਰੰਗ ਦੀ ਸ਼ਰਟ ਪਹਿਨੇ ਰਾਮਪ੍ਰਸਾਦ ਰਾਜਪੂਤ ਨਾਮ ਦਾ ਵਿਅਕਤੀ ਆਪਣਾ ਮੋਟਰਸਾਈਕਲ ਬੇਹੱਦ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾ ਰਿਹਾ ਸੀ। ਇਸੇ ਦੌਰਾਨ ਉਸ ਨੇ ਆਪਣੀ ਸਾਈਡ 'ਤੇ ਸਹੀ ਜਾ ਰਹੇ ਇੱਕ ਹੋਰ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਇੱਕ ਸਵਾਰ ਹਵਾ ਵਿੱਚ 10 ਫੁੱਟ ਉੱਛਲ ਕੇ ਦੂਰ ਜਾ ਡਿੱਗਿਆ, ਜਦਕਿ ਦੂਜਾ ਚਾਲਕ ਮੋਕੇ 'ਤੇ ਹੀ ਬੇਹੋਸ਼ ਹੋ ਗਿਆ।
ਸੀਸੀਟੀਵੀ ਫੁਟੇਜ ਨੇ ਖੋਲ੍ਹੀ ਪੋਲ
ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਤੁਰੰਤ 108 ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਪਰ ਇਲਾਜ ਦੌਰਾਨ ਇੱਕ ਨੌਜਵਾਨ ਨੇ ਦਮ ਤੋੜ ਦਿੱਤਾ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਆਪਣੀ ਦਿਸ਼ਾ ਵਿੱਚ ਬਿਲਕੁਲ ਸਹੀ ਜਾ ਰਿਹਾ ਸੀ, ਜਦਕਿ ਲਾਲ ਸ਼ਰਟ ਵਾਲਾ ਨੌਜਵਾਨ ਗਲਤ ਸਾਈਡ ਤੋਂ ਤੇਜ਼ ਰਫ਼ਤਾਰ ਨਾਲ ਆਇਆ ਅਤੇ ਸਾਹਮਣੇ ਤੋਂ ਟੱਕਰ ਮਾਰ ਦਿੱਤੀ।
ਪੁਲਿਸ ਵੱਲੋਂ ਕੇਸ ਦਰਜ
ਸੂਰਤ ਪੁਲਿਸ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਮੁਲਜ਼ਮ ਮੋਟਰਸਾਈਕਲ ਚਾਲਕ ਦੇ ਖ਼ਿਲਾਫ਼ ਮੋਟਰ ਵਾਹਨ ਐਕਟ ਦੀਆਂ ਧਾਰਾਵਾਂ 177 ਅਤੇ 184 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Get all latest content delivered to your email a few times a month.