IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਦੁਬਈ 'ਚ ਜੰਗ ਦਰਮਿਆਨ ਫਸੇ ਮੁਸਾਫ਼ਰਾਂ ਲਈ 'ਮਸੀਹਾ' ਬਣੇ ਸੋਨੂੰ...

ਦੁਬਈ 'ਚ ਜੰਗ ਦਰਮਿਆਨ ਫਸੇ ਮੁਸਾਫ਼ਰਾਂ ਲਈ 'ਮਸੀਹਾ' ਬਣੇ ਸੋਨੂੰ ਸੂਦ, ਰਹਿਣ ਲਈ ਮੁਫ਼ਤ ਰਿਹਾਇਸ਼ ਦਾ ਕੀਤਾ ਐਲਾਨ

Admin User - Mar 05, 2026 01:26 PM
IMG

ਇਜ਼ਰਾਈਲ ਅਤੇ ਈਰਾਨ ਵਿਚਕਾਰ ਜਾਰੀ ਭਿਆਨਕ ਜੰਗ ਕਾਰਨ ਪੱਛਮੀ ਏਸ਼ੀਆ ਵਿੱਚ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ। ਇਸ ਜੰਗੀ ਮਾਹੌਲ ਅਤੇ ਉਡਾਣਾਂ ਰੱਦ ਹੋਣ ਕਾਰਨ ਦੁਬਈ ਵਿੱਚ ਹਜ਼ਾਰਾਂ ਯਾਤਰੀ ਫਸੇ ਹੋਏ ਹਨ। ਅਜਿਹੇ ਸੰਕਟ ਦੇ ਸਮੇਂ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇੱਕ ਵਾਰ ਫਿਰ 'ਮਸੀਹਾ' ਬਣ ਕੇ ਅੱਗੇ ਆਏ ਹਨ। ਉਨ੍ਹਾਂ ਨੇ ਦੁਬਈ ਵਿੱਚ ਫਸੇ ਲੋਕਾਂ ਲਈ ਮੁਫ਼ਤ ਰਿਹਾਇਸ਼ ਅਤੇ ਸੁਰੱਖਿਅਤ ਠਹਿਰਣ ਦਾ ਪ੍ਰਬੰਧ ਕਰਨ ਦਾ ਵੱਡਾ ਐਲਾਨ ਕੀਤਾ ਹੈ।


ਨਾ ਕੋਈ ਸ਼ਰਤ, ਨਾ ਰਾਸ਼ਟਰੀਅਤਾ ਦੀ ਪਾਬੰਦੀ

ਸੋਨੂੰ ਸੂਦ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਹੈ ਕਿ ਮਨੁੱਖਤਾ ਦੇ ਨਾਤੇ ਉਹ ਹਰ ਉਸ ਵਿਅਕਤੀ ਦੀ ਮਦਦ ਕਰਨਗੇ ਜੋ ਇਸ ਸਮੇਂ ਦੁਬਈ ਵਿੱਚ ਬੇਸਹਾਰਾ ਮਹਿਸੂਸ ਕਰ ਰਿਹਾ ਹੈ।


ਅਦਾਕਾਰ ਨੇ ਸਪੱਸ਼ਟ ਕੀਤਾ ਹੈ ਕਿ ਮਦਦ ਲੈਣ ਵਾਲਾ ਭਾਵੇਂ ਭਾਰਤੀ ਹੋਵੇ ਜਾਂ ਕਿਸੇ ਹੋਰ ਦੇਸ਼ ਦਾ, ਉਸ ਲਈ ਰਹਿਣ ਦੀ ਜਗ੍ਹਾ ਦਾ ਪ੍ਰਬੰਧ ਬਿਲਕੁਲ ਮੁਫ਼ਤ ਕੀਤਾ ਜਾਵੇਗਾ।


 ਜਿਨ੍ਹਾਂ ਲੋਕਾਂ ਨੂੰ ਰਿਹਾਇਸ਼ ਦੀ ਲੋੜ ਹੈ, ਉਹ ਇੰਸਟਾਗ੍ਰਾਮ 'ਤੇ @dugastaproperties ਨੂੰ ਸਿੱਧਾ ਮੈਸੇਜ ਕਰਕੇ ਸਹਾਇਤਾ ਮੰਗ ਸਕਦੇ ਹਨ।


ਪੰਜਾਬੀ ਮੁਸਾਫ਼ਰਾਂ ਵਿੱਚ ਭਾਰੀ ਚਿੰਤਾ

ਦੁਬਈ ਵਿੱਚ ਫਸੇ ਲੋਕਾਂ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ, ਜੋ ਜੰਗੀ ਹਾਲਾਤ ਅਤੇ ਰੱਦ ਹੋ ਰਹੀਆਂ ਉਡਾਣਾਂ ਕਾਰਨ ਪ੍ਰੇਸ਼ਾਨ ਹਨ। ਹਾਲਾਂਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉੱਥੇ ਫਸੇ ਪੰਜਾਬੀਆਂ ਦੀ ਸਹੀ ਗਿਣਤੀ ਬਾਰੇ ਅਜੇ ਕੋਈ ਸਪੱਸ਼ਟ ਅੰਕੜਾ ਸਾਹਮਣੇ ਨਹੀਂ ਆਇਆ ਹੈ, ਪਰ ਸੋਨੂੰ ਸੂਦ ਦੀ ਇਸ ਪਹਿਲ ਨੇ ਉਨ੍ਹਾਂ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਨ੍ਹਾਂ ਦੇ ਆਪਣੇ ਇਸ ਵੇਲੇ ਵਿਦੇਸ਼ੀ ਧਰਤੀ 'ਤੇ ਮੁਸ਼ਕਿਲ ਵਿੱਚ ਹਨ।


ਇਨਸਾਨੀਅਤ ਦੀ ਮਿਸਾਲ

ਸੋਨੂੰ ਸੂਦ ਨੇ ਆਪਣੀ ਪੋਸਟ ਵਿੱਚ ਲਿਖਿਆ, "ਯੁੱਧ ਕਾਰਨ ਕਈ ਯਾਤਰੀ ਦੁਬਈ ਵਿੱਚ ਫਸ ਗਏ ਹਨ। ਜੇਕਰ ਤੁਹਾਡਾ ਕੋਈ ਜਾਣਕਾਰ ਉੱਥੇ ਹੈ ਅਤੇ ਉਸ ਕੋਲ ਰਹਿਣ ਲਈ ਜਗ੍ਹਾ ਨਹੀਂ ਹੈ, ਤਾਂ ਅਸੀਂ ਉਨ੍ਹਾਂ ਨੂੰ ਸੁਰੱਖਿਅਤ ਠਹਿਰਣ ਦੀ ਸਹੂਲਤ ਦੇ ਰਹੇ ਹਾਂ। ਸਾਡੀ ਮਦਦ ਲਈ ਕੋਈ ਸ਼ਰਤ ਨਹੀਂ ਹੈ, ਸਿਰਫ਼ ਇਨਸਾਨੀਅਤ ਹੈ।"


ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਸੋਨੂੰ ਸੂਦ ਲਗਾਤਾਰ ਦੇਸ਼-ਵਿਦੇਸ਼ ਵਿੱਚ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਇਸ ਤਾਜ਼ਾ ਪਹਿਲ ਦੀ ਸੋਸ਼ਲ ਮੀਡੀਆ 'ਤੇ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.