ਤਾਜਾ ਖਬਰਾਂ
ਦਸਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਸਿੱਖ ਕੌਮ ਦੇ ਨਾਂ ਇੱਕ ਮਹੱਤਵਪੂਰਨ ਸੰਦੇਸ਼ ਜਾਰੀ ਕਰਦਿਆਂ ਸਮੂਹ ਸਿੱਖ ਸੰਸਥਾਵਾਂ, ਸੰਪ੍ਰਦਾਵਾਂ, ਜਥੇਬੰਦੀਆਂ ਅਤੇ ਨਿਹੰਗ ਦਲਾਂ ਨੂੰ ਏਕਤਾ ਦੇ ਮੰਚ 'ਤੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਸਿੱਖ ਕੌਮ ਨੂੰ ਅੰਦਰੂਨੀ ਵੰਡਾਂ ਤੋਂ ਉੱਪਰ ਉੱਠ ਕੇ ਸੰਗਠਿਤ ਤੌਰ 'ਤੇ ਅੱਗੇ ਵਧਣ ਦੀ ਲੋੜ ਹੈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਵਿੱਚ ਸਿੱਖ ਵਿਚਾਰਧਾਰਾ ਨਾਲ ਜੁੜੀਆਂ ਸੰਸਥਾਵਾਂ ਨੂੰ ਜਾਤੀਵਾਦੀ ਅਤੇ ਵਿਚਾਰਕ ਅੰਤਰਾਂ ਨੂੰ ਪਿੱਛੇ ਛੱਡਦੇ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਠਾ ਹੋਣਾ ਚਾਹੀਦਾ ਹੈ। ਬਾਬਾ ਸੋਢੀ ਮੁਤਾਬਕ, ਸਿੱਖੀ ਦੇ ਪ੍ਰਚਾਰ-ਪਸਾਰ ਲਈ ਕੰਮ ਕਰ ਰਹੀਆਂ ਧਿਰਾਂ ਨੂੰ “ਹਰਿਆਵਲ ਦਸਤੇ” ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਕੌਮੀ ਏਕਤਾ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਉਣਾ ਚਾਹੀਦਾ ਹੈ।
ਉਨ੍ਹਾਂ ਨੇ ਚਿੰਤਾ ਜਤਾਈ ਕਿ ਇਤਿਹਾਸਕ ਸਮਾਗਮਾਂ ਅਤੇ ਧਾਰਮਿਕ ਮੇਲਿਆਂ ਦੌਰਾਨ ਰਾਜਨੀਤਿਕ ਪਾਰਟੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਕਾਨਫਰੰਸਾਂ ਵਿੱਚ ਕਦੇ ਵੀ ਸਿੱਖ ਕੌਮ ਦੀ ਸੰਗਠਿਤ ਤਾਕਤ ਅਤੇ ਭਵਿੱਖੀ ਰਣਨੀਤੀ ਸੰਬੰਧੀ ਗੰਭੀਰ ਮੱਦੇ ਉੱਠਾਏ ਨਹੀਂ ਜਾਂਦੇ। ਉਨ੍ਹਾਂ ਅਨੁਸਾਰ, ਇਹ ਸਮਾਂ ਹੈ ਕਿ ਕੌਮਕ ਹਿੱਤਾਂ ਨੂੰ ਤਰਜੀਹ ਦਿੱਤੀ ਜਾਵੇ।
ਦਸਮੇਸ਼ ਤਰਨਾ ਦਲ ਵੱਲੋਂ ਸਰਵਉੱਚ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੂਹ ਸਿੱਖ ਕੌਮ ਨੂੰ ਇਕੱਠਾ ਕਰਨ ਲਈ ਕੋਈ ਸੰਦੇਸ਼ ਜਾਂ ਹੁਕਮਨਾਮਾ ਜਾਰੀ ਕਰਨ, ਤਾਂ ਜੋ ਕੌਮਕ ਮਸਲਿਆਂ ‘ਤੇ ਇਕਸਾਰ ਦਿਸ਼ਾ ਨਿਰਧਾਰਤ ਹੋ ਸਕੇ।
ਇਸ ਸਬੰਧ ਵਿੱਚ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਰਸਮੀ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਇੱਕ ਵਫ਼ਦ ਜਲਦ ਹੀ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰੇਗਾ ਅਤੇ ਮੈਮੋਰੰਡਮ ਸੌਂਪੇਗਾ। ਇਸ ਮੈਮੋਰੰਡਮ ਰਾਹੀਂ ਸਿੱਖ ਕੌਮ ਦੀ ਚੜ੍ਹਦੀ ਕਲਾ, ਰਵਾਇਤੀ ਪ੍ਰੰਪਰਾਵਾਂ ਦੀ ਬਹਾਲੀ ਅਤੇ ਗੁਰਮਤ ਮਰਿਆਦਾ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਮੰਗ ਪੇਸ਼ ਕੀਤੀ ਜਾਵੇਗੀ।
Get all latest content delivered to your email a few times a month.