ਤਾਜਾ ਖਬਰਾਂ
ਬਠਿੰਡਾ, 1 ਮਾਰਚ 2026 — ਅਮਰੀਕਾ, ਇਜ਼ਰਾਇਲ ਅਤੇ ਇਰਾਨ ਦਰਮਿਆਨ ਭੜਕੀ ਭਿਆਨਕ ਜੰਗ ਦਾ ਅਸਰ ਹੁਣ ਆਮ ਲੋਕਾਂ ਤੱਕ ਵੀ ਪਹੁੰਚ ਗਿਆ ਹੈ। ਇਸ ਜੰਗੀ ਹਾਲਾਤਾਂ ਕਾਰਨ ਬਠਿੰਡਾ ਦਾ ਇੱਕ ਪ੍ਰਿੰਸੀਪਲ ਜੋੜਾ ਦੁਬਈ ਵਿੱਚ ਫਸ ਗਿਆ ਹੈ, ਜਿਸ ਨੇ ਭਾਰਤ ਅਤੇ ਪੰਜਾਬ ਸਰਕਾਰ ਕੋਲ ਸੁਰੱਖਿਅਤ ਵਾਪਸੀ ਲਈ ਮਦਦ ਦੀ ਅਪੀਲ ਕੀਤੀ ਹੈ।
ਐਸਐਸਡੀ ਗਰਲਜ਼ ਕਾਲਜ ਬਠਿੰਡਾ ਦੀ ਪ੍ਰਿੰਸੀਪਲ ਡਾ. ਨੀਰੂ ਗਰਗ ਅਤੇ ਡੀਏਵੀ ਕਾਲਜ ਬਠਿੰਡਾ ਤੋਂ ਸੇਵਾ ਮੁਕਤ ਵਾਈਸ ਪ੍ਰਿੰਸੀਪਲ ਪ੍ਰਵੀਨ ਗਰਗ ਸੈਰ-ਸਪਾਟੇ ਲਈ ਦੁਬਈ ਗਏ ਹੋਏ ਸਨ। ਉਨ੍ਹਾਂ ਵੱਲੋਂ ਜਾਰੀ ਕੀਤੀ ਗਈ ਇੱਕ ਵੀਡੀਓ ਵਿੱਚ ਡਾ. ਨੀਰੂ ਗਰਗ ਨੇ ਦੱਸਿਆ ਕਿ ਜੰਗੀ ਸਥਿਤੀ ਦੇ ਚਲਦਿਆਂ ਉਥੋਂ ਦੀ ਸਰਕਾਰ ਵੱਲੋਂ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਸੈਂਕੜੇ ਯਾਤਰੀਆਂ ਵਾਂਗ ਉਹ ਵੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕਈ ਲੋਕਾਂ ਦੇ ਪੈਸੇ ਲਗਭਗ ਖਤਮ ਹੋ ਚੁੱਕੇ ਹਨ ਅਤੇ ਇਸ ਮੁਸ਼ਕਲ ਸਮੇਂ ਵਿੱਚ ਹੋਟਲਾਂ ਵੱਲੋਂ ਕਿਰਾਏ ਵਧਾ ਦੇਣਾ ਹਾਲਾਤਾਂ ਨੂੰ ਹੋਰ ਵੀ ਗੰਭੀਰ ਬਣਾ ਰਿਹਾ ਹੈ।
ਇਸ ਮਾਮਲੇ ’ਤੇ ਪ੍ਰਵੀਨ ਗਰਗ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਦੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਉਨ੍ਹਾਂ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਹੈ ਅਤੇ ਭਾਰਤ ਵਾਪਸੀ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਪਤੀ-ਪਤਨੀ ਪੰਜ ਦਿਨ ਪਹਿਲਾਂ ਦੁਬਈ ਪੁੱਜੇ ਸਨ ਅਤੇ ਸ਼ਨੀਵਾਰ ਨੂੰ ਇੰਡੀਗੋ ਏਅਰਲਾਈਨ ਰਾਹੀਂ ਦੁਬਈ ਤੋਂ ਅੰਮ੍ਰਿਤਸਰ ਵਾਪਸ ਆਉਣਾ ਸੀ। ਹਵਾਈ ਅੱਡੇ ’ਤੇ ਦੁਪਿਹਰ 2:30 ਵਜੇ ਤੱਕ ਸਾਰੀ ਕਾਰਵਾਈ ਪੂਰੀ ਹੋਣ ਦੇ ਬਾਵਜੂਦ ਰਾਤ ਕਰੀਬ 10 ਵਜੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਮੱਧ-ਪੂਰਬ ਵਿੱਚ ਚੱਲ ਰਹੀ ਇਸ ਜੰਗ ਕਾਰਨ ਅਰਬ ਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ, ਖ਼ਾਸ ਕਰਕੇ ਪੰਜਾਬੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਤੇਜ਼ ਹੋ ਗਈ ਹੈ।
Get all latest content delivered to your email a few times a month.