ਤਾਜਾ ਖਬਰਾਂ
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਸਮੇਤ ਕਈ ਇਲਾਕਿਆਂ ਵਿੱਚ ਅੱਜ ਦੁਪਹਿਰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5 ਦਰਜ ਕੀਤੀ ਗਈ ਹੈ। ਦੁਪਹਿਰ ਕਰੀਬ 1:22 ਵਜੇ ਆਏ ਇਨ੍ਹਾਂ ਝਟਕਿਆਂ ਕਾਰਨ ਲੋਕ ਦਹਿਸ਼ਤ ਵਿੱਚ ਆ ਗਏ ਅਤੇ ਜਾਨ ਬਚਾਉਣ ਲਈ ਆਪਣੇ ਘਰਾਂ ਅਤੇ ਦਫ਼ਤਰਾਂ ਵਿੱਚੋਂ ਖੁੱਲ੍ਹੀਆਂ ਥਾਵਾਂ ਵੱਲ ਭੱਜੇ।
ਕੇਂਦਰੀ ਮੰਤਰੀ ਦੀ ਜਨਸਭਾ ਦੌਰਾਨ ਹਿੱਲੀ ਧਰਤੀ
ਜਿਸ ਸਮੇਂ ਭੂਚਾਲ ਆਇਆ, ਉਸ ਵੇਲੇ ਕੇਂਦਰੀ ਰਾਜ ਮੰਤਰੀ ਸੁਕਾਂਤ ਮਜੂਮਦਾਰ ਕੋਲਕਾਤਾ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਖ਼ੁਦ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਅਤੇ ਤੁਰੰਤ ਮੰਚ ਤੋਂ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ।
ਬੰਗਲਾਦੇਸ਼ ਵਿੱਚ ਸੀ ਭੂਚਾਲ ਦਾ ਕੇਂਦਰ
ਯੂਰਪੀਅਨ ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (EMSC) ਅਨੁਸਾਰ ਭੂਚਾਲ ਦਾ ਕੇਂਦਰ ਬੰਗਲਾਦੇਸ਼ ਦੇ ਖੁਲਨਾ ਡਿਵੀਜ਼ਨ ਦੇ ਸਤਖੀਰਾ ਇਲਾਕੇ ਵਿੱਚ ਸੀ। ਧਰਤੀ ਦੇ ਹੇਠਾਂ ਇਸ ਦੀ ਡੂੰਘਾਈ ਕਰੀਬ 35 ਕਿਲੋਮੀਟਰ ਦੱਸੀ ਜਾ ਰਹੀ ਹੈ। ਕੋਲਕਾਤਾ ਦੇ ਸਾਲਟ ਲੇਕ ਅਤੇ ਹੋਰ ਉੱਚੀਆਂ ਇਮਾਰਤਾਂ ਵਾਲੇ ਇਲਾਕਿਆਂ ਵਿੱਚ ਭੂਚਾਲ ਦਾ ਪ੍ਰਭਾਵ ਜ਼ਿਆਦਾ ਦੇਖਿਆ ਗਿਆ, ਜਿੱਥੇ ਇਮਾਰਤਾਂ ਹਿਲਦੀਆਂ ਦੇਖ ਕੇ ਲੋਕ ਕਾਫੀ ਦੇਰ ਤੱਕ ਸੜਕਾਂ 'ਤੇ ਹੀ ਖੜ੍ਹੇ ਰਹੇ।
ਅੱਖੀਂ ਦੇਖਿਆ ਹਾਲ: ਅਫਰਾ-ਤਫਰੀ ਦਾ ਮਾਹੌਲ
ਚਸ਼ਮਦੀਦਾਂ ਮੁਤਾਬਕ ਭੂਚਾਲ ਦੇ ਝਟਕੇ ਕਈ ਸੈਕਿੰਡਾਂ ਤੱਕ ਮਹਿਸੂਸ ਕੀਤੇ ਗਏ। ਘਰਾਂ ਵਿੱਚ ਪੱਖੇ ਹਿੱਲਣ ਲੱਗੇ, ਅਲਮਾਰੀਆਂ 'ਤੇ ਰੱਖਿਆ ਸਾਮਾਨ ਅਤੇ ਦੀਵਾਰਾਂ 'ਤੇ ਲੱਗੀਆਂ ਤਸਵੀਰਾਂ ਹੇਠਾਂ ਡਿੱਗ ਕੇ ਟੁੱਟ ਗਈਆਂ। ਦਫ਼ਤਰਾਂ ਵਿੱਚ ਅਫਰਾ-ਤਫਰੀ ਮਚ ਗਈ ਅਤੇ ਲੋਕ ਪੌੜੀਆਂ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਭੱਜ-ਦੌੜ ਵਿੱਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ, ਪਰ ਖ਼ੁਸ਼ਕਿਸਮਤੀ ਨਾਲ ਹਾਲੇ ਤੱਕ ਕਿਸੇ ਵੱਡੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਸਿੱਕਮ ਵਿੱਚ ਵੀ ਕੰਬੀ ਧਰਤੀ
ਜ਼ਿਕਰਯੋਗ ਹੈ ਕਿ ਕੋਲਕਾਤਾ ਤੋਂ ਪਹਿਲਾਂ ਅੱਜ ਸਵੇਰੇ ਕਰੀਬ 4:10 ਵਜੇ ਸਿੱਕਮ ਵਿੱਚ ਵੀ 3.7 ਤੀਬਰਤਾ ਦਾ ਭੂਚਾਲ ਆਇਆ ਸੀ। ਸਿੱਕਮ ਵਿੱਚ ਭੂਚਾਲ ਕਾਰਨ ਕੁਝ ਸਕੂਲਾਂ ਦੀਆਂ ਛੱਤਾਂ ਦੀ ਸੀਲਿੰਗ ਡਿੱਗਣ ਅਤੇ ਕੰਧਾਂ ਵਿੱਚ ਤਰੇੜਾਂ ਆਉਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ।
Get all latest content delivered to your email a few times a month.