ਤਾਜਾ ਖਬਰਾਂ
ਝਾਰਖੰਡ ਵਿੱਚ ਸੋਮਵਾਰ ਦੇਰ ਸ਼ਾਮ ਵਾਪਰੇ ਦਰਦਨਾਕ ਏਅਰ ਐਂਬੂਲੈਂਸ ਹਾਦਸੇ ਨੇ ਪੂਰੇ ਦੇਸ਼ ਨੂੰ ਸਹਿਮਾ ਦਿੱਤਾ। ਰਾਂਚੀ ਤੋਂ ਦਿੱਲੀ ਵੱਲ ਜਾ ਰਹੀ ਮੈਡੀਕਲ ਚਾਰਟਰ ਫਲਾਈਟ ਚਤਰਾ ਜ਼ਿਲ੍ਹੇ ਦੇ ਜੰਗਲੀ ਖੇਤਰ ਵਿੱਚ ਕ੍ਰੈਸ਼ ਹੋ ਗਈ, ਜਿਸ ਕਾਰਨ ਜਹਾਜ਼ ਵਿੱਚ ਸਵਾਰ ਸਾਰੇ ਸੱਤ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਪੰਜਾਬ ਦੇ ਅੰਮ੍ਰਿਤਸਰ ਨਾਲ ਸੰਬੰਧਤ ਕੋ-ਪਾਇਲਟ ਕੈਪਟਨ ਸਵਰਾਜਦੀਪ ਸਿੰਘ ਵੀ ਸ਼ਾਮਲ ਹਨ, ਜਿਨ੍ਹਾਂ ਕੋਲ ਕਰੀਬ 300 ਘੰਟਿਆਂ ਦਾ ਉਡਾਣ ਤਜਰਬਾ ਸੀ।
ਹਾਦਸਾ ਚਤਰਾ ਦੇ ਸਿਮਰੀਆ ਇਲਾਕੇ ਨੇੜੇ ਵਾਪਰਿਆ, ਜਿੱਥੇ ਰਾਹਤ ਟੀਮਾਂ ਨੂੰ ਪਹੁੰਚਣ ਵਿੱਚ ਜੰਗਲਾਤੀ ਇਲਾਕਾ ਹੋਣ ਕਰਕੇ ਕਾਫੀ ਮੁਸ਼ਕਲਾਂ ਆਈਆਂ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਕਿਸੇ ਵੀ ਯਾਤਰੀ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਜਹਾਜ਼ ਰੈੱਡਬਰਡ ਏਅਰਵੇਜ਼ ਵੱਲੋਂ ਚਲਾਈ ਜਾ ਰਹੀ ਬੀਚਕ੍ਰਾਫਟ ਕਿੰਗ ਏਅਰ B9L ਏਅਰ ਐਂਬੂਲੈਂਸ ਸੀ, ਜਿਸ ਵਿੱਚ ਇੱਕ ਗੰਭੀਰ ਮਰੀਜ਼ ਨੂੰ ਉੱਚੇ ਇਲਾਜ ਲਈ ਦਿੱਲੀ ਲਿਜਾਇਆ ਜਾ ਰਿਹਾ ਸੀ। ਜਹਾਜ਼ ਨੇ ਸ਼ਾਮ ਲਗਭਗ 7:11 ਵਜੇ ਉਡਾਣ ਭਰੀ ਪਰ ਕਰੀਬ 7:34 ਵਜੇ ਏਟੀਸੀ ਨਾਲ ਸੰਪਰਕ ਟੁੱਟ ਗਿਆ। ਆਖਰੀ ਸਿਗਨਲ ਵਾਰਾਣਸੀ ਤੋਂ ਲਗਭਗ 100 ਨੌਟੀਕਲ ਮੀਲ ਦੱਖਣ-ਪੂਰਬ ਦਰਜ ਕੀਤਾ ਗਿਆ।
ਪ੍ਰਾਰੰਭਿਕ ਜਾਂਚ ਅਨੁਸਾਰ ਖਰਾਬ ਮੌਸਮ, ਖਾਸ ਕਰਕੇ ਭਾਰੀ ਮੀਂਹ, ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ, ਹਾਲਾਂਕਿ ਹਵਾਈ ਸੁਰੱਖਿਆ ਏਜੰਸੀਆਂ ਵੱਲੋਂ ਤਕਨੀਕੀ ਅਤੇ ਓਪਰੇਸ਼ਨਲ ਪੱਖਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਫਲਾਈਟ ਵਿੱਚ ਦੋ ਪਾਇਲਟਾਂ ਸਮੇਤ ਇੱਕ ਮਰੀਜ਼, ਡਾਕਟਰ, ਪੈਰਾਮੈਡਿਕਲ ਸਟਾਫ਼ ਅਤੇ ਮਰੀਜ਼ ਦੇ ਪਰਿਵਾਰਕ ਮੈਂਬਰ ਸਵਾਰ ਸਨ। ਇਸ ਹਾਦਸੇ ਨਾਲ ਅੰਮ੍ਰਿਤਸਰ ਵਿੱਚ ਸਵਰਾਜਦੀਪ ਸਿੰਘ ਦੇ ਘਰ ਅਤੇ ਇਲਾਕੇ ਵਿੱਚ ਗਹਿਰਾ ਸੋਗ ਛਾ ਗਿਆ ਹੈ, ਜਦਕਿ ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
Get all latest content delivered to your email a few times a month.