IMG-LOGO
ਹੋਮ ਪੰਜਾਬ: ਮਾਨ ਸਰਕਾਰ ਦਾ ਬਜ਼ੁਰਗਾਂ ਲਈ ਵੱਡਾ ਕਦਮ, ਸਿਹਤ ਤੋਂ ਸੁਰੱਖਿਆ...

ਮਾਨ ਸਰਕਾਰ ਦਾ ਬਜ਼ੁਰਗਾਂ ਲਈ ਵੱਡਾ ਕਦਮ, ਸਿਹਤ ਤੋਂ ਸੁਰੱਖਿਆ ਤੱਕ ਪੂਰੀ ਦੇਖਭਾਲ: ਡਾ. ਬਲਜੀਤ ਕੌਰ

Admin User - Feb 24, 2026 07:10 PM
IMG

ਚੰਡੀਗੜ੍ਹ, 24 ਫਰਵਰੀ:

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਬਜ਼ੁਰਗ ਨਾਗਰਿਕਾਂ ਨੂੰ ਸਮਾਜ ਦੀ ਅਨਮੋਲ ਧਰੋਹਰ ਮੰਨਦਿਆਂ ਉਨ੍ਹਾਂ ਦੀ ਸੁਰੱਖਿਆ, ਸਿਹਤ ਅਤੇ ਸਮਾਜਿਕ ਭਲਾਈ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ। ਇਸ ਦਿਸ਼ਾ ਵਿੱਚ ਸੂਬਾ ਪੱਧਰੀ ਮੁਹਿੰਮ “ਸਾਡੇ ਬਜ਼ੁਰਗ ਸਾਡਾ ਮਾਣ” ਤਹਿਤ ਲਗਾਏ ਗਏ ਸਿਹਤ ਚੈਕਅੱਪ ਕੈਂਪਾਂ ਦੌਰਾਨ 16,000 ਤੋਂ ਵੱਧ ਬਜ਼ੁਰਗ ਨਾਗਰਿਕਾਂ ਨੂੰ ਰਜਿਸਟਰਡ ਕਰਕੇ ਉਨ੍ਹਾਂ ਨੂੰ ਸਰਕਾਰੀ ਭਲਾਈ ਸਹੂਲਤਾਂ ਨਾਲ ਜੋੜਿਆ ਗਿਆ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੀਨੀਅਰ ਸਿਟੀਜਨ ਐਕਸ਼ਨ ਪਲਾਨ ਅਧੀਨ ਵਿੱਤੀ ਸਾਲ 2025–26 ਦੌਰਾਨ ਬਜ਼ੁਰਗਾਂ ਲਈ ਲਗਾਏ ਜਾਣ ਵਾਲੇ ਸਿਹਤ ਚੈਕਅੱਪ ਕੈਂਪਾਂ ਅਤੇ ਹੋਰ ਸੰਬੰਧਿਤ ਗਤੀਵਿਧੀਆਂ ਲਈ ₹7.86 ਕਰੋੜ ਦਾ ਬਜਟ ਉਪਬੰਧ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ 4543 ਬਜ਼ੁਰਗਾਂ ਦਾ ਜਨਰਲ ਹੈਲਥ ਚੈਕਅੱਪ, 2071 ਦਾ ਆਰਥੋਪੈਡਿਕ ਮੁਆਇਨਾ, 3705 ਦੀਆਂ ਅੱਖਾਂ ਦੀ ਜਾਂਚ, 1129 ਨੇ ਯੋਗਾ ਸੈਸ਼ਨਾਂ ਵਿੱਚ ਭਾਗ, 1489 ਨੇ ਹੋਮਿਓਪੈਥਿਕ ਇਲਾਜ ਅਤੇ 2054 ਨੇ ਆਯੁਰਵੇਦਿਕ ਸੇਵਾਵਾਂ, ਸਹਾਇਕ ਉਪਕਰਣ ਅਤੇ ਹੋਰ ਸਹੂਲਤਾਂ ਦਾ ਲਾਭ ਲਿਆ।

ਉਨ੍ਹਾਂ ਹੋਰ ਦੱਸਿਆ ਕਿ ਅਲੀਮਕੋ ਸਕੀਮ ਤਹਿਤ 243 ਬਜ਼ੁਰਗ ਨਾਗਰਿਕ ਰਜਿਸਟਰਡ ਹੋਏ, ਜਿਨ੍ਹਾਂ ਵਿੱਚੋਂ 89 ਨੂੰ ਵੀਲ੍ਹਚੇਅਰ, ਐਨਕਾਂ ਅਤੇ ਸੁਣਨ ਯੰਤਰ ਪ੍ਰਦਾਨ ਕੀਤੇ ਗਏ। ਇਸ ਤੋਂ ਇਲਾਵਾ 355 ਬਜ਼ੁਰਗਾਂ ਦੇ ਬੁਢਾਪਾ ਪੈਨਸ਼ਨ ਫਾਰਮ ਤਿਆਰ ਕੀਤੇ ਗਏ ਅਤੇ 393 ਨੂੰ ਸੀਨੀਅਰ ਸਿਟੀਜ਼ਨ ਕਾਰਡ ਜਾਰੀ ਕੀਤੇ ਗਏ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਅਧਿਕਤਰ ਜ਼ਿਲ੍ਹਿਆਂ ਵਿੱਚ ਸਿਹਤ ਚੈਕਅੱਪ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਸਮੇਤ ਕਈ ਜ਼ਿਲ੍ਹੇ ਸ਼ਾਮਲ ਹਨ, ਜਦਕਿ ਫਰੀਦਕੋਟ ਅਤੇ ਸੰਗਰੂਰ ਵਿੱਚ ਜਲਦ ਇਹ ਕੈਂਪ ਲਗਾਏ ਜਾਣਗੇ।

ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਰਾਜ ਐਕਸ਼ਨ ਪਲਾਨ ਅਧੀਨ ਇਸ ਬਜਟ ਅਲਾਟਮੈਂਟ ਤਹਿਤ ਜ਼ਿਲ੍ਹਾ ਪੱਧਰੀ ਸਿਹਤ ਚੈਕਅੱਪ ਕੈਂਪਾਂ ਅਤੇ ਸੰਬੰਧਿਤ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਕੈਂਪਾਂ ਵਿੱਚ ਬਜ਼ੁਰਗ ਨਾਗਰਿਕਾਂ ਨੂੰ ਮੋਤੀਆਬਿੰਦ ਸਰਜਰੀ, ਮੁਫ਼ਤ ਸਹਾਇਕ ਉਪਕਰਣਾਂ ਦੀ ਵੰਡ, ਬੁਢਾਪਾ ਪੈਨਸ਼ਨ ਸਹੂਲਤ, ਸੀਨੀਅਰ ਸਿਟੀਜ਼ਨ ਕਾਰਡ ਜਾਰੀ ਕਰਨ ਦੇ ਨਾਲ-ਨਾਲ ਯੋਗਾ ਕੈਂਪਾਂ, ਕਾਨੂੰਨੀ ਜਾਗਰੂਕਤਾ ਪ੍ਰੋਗਰਾਮਾਂ ਅਤੇ ਹੋਰ ਜਾਗਰੂਕਤਾ ਗਤੀਵਿਧੀਆਂ ਦੀ ਸਹੂਲਤ ਇਕ ਹੀ ਛੱਤ ਹੇਠ ਮੁਹੱਈਆ ਕਰਵਾਈ ਗਈ। ਇਸ ਤਹਿਤ 2187 ਬਜ਼ੁਰਗ ਨਾਗਰਿਕਾਂ ਨੂੰ "ਮੈਨਟੀਨੈਂਸ ਐਂਡ ਵੈਲਫੇਅਰ ਆਫ਼ ਪੇਰੈਂਟਸ ਐਂਡ ਸੀਨੀਅਰ ਸਿਟੀਜਨ ਐਕਟ-2007"  ਬਾਰੇ ਜਾਣਕਾਰੀ ਦਿੱਤੀ ਗਈ।

ਇਸ ਤੋਂ ਇਲਾਵਾ, ਬਜ਼ੁਰਗ ਨਾਗਰਿਕਾਂ ਨੂੰ ਜਾਗਰੂਕ ਸਮਾਜ ਨਾਲ ਜੋੜ ਕੇ ਰੱਖਣ ਲਈ ਪ੍ਰੋਡਕਟਿਵ ਅਤੇ ਇੰਟਰ-ਜਨਰੇਸ਼ਨਲ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਇਨ੍ਹਾਂ ਅਧੀਨ 379 ਬਜ਼ੁਰਗ ਨਾਗਰਿਕਾਂ ਨੇ ਪ੍ਰੋਡਕਟਿਵ ਅਤੇ ਐਕਟਿਵ ਏਜਿੰਗ ਕੈਂਪਾਂ ਵਿੱਚ ਭਾਗ ਲਿਆ, ਜਦਕਿ 140 ਬਜ਼ੁਰਗਾਂ ਨੇ ਗਿੱਧਾ, ਭੰਗੜਾ, ਕਵਿਤਾ ਅਤੇ ਨਾਟਕ ਵਰਗੀਆਂ ਸਾਂਝੀ ਪੀੜ੍ਹੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਕੀਤੀ। ਇਸਦੇ ਨਾਲ ਹੀ 1841 ਬਜ਼ੁਰਗ ਨਾਗਰਿਕਾਂ ਨੇ ਯੋਗਾ ਕੈਂਪਾਂ ਵਿੱਚ ਭਾਗ ਲੈ ਕੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵੱਲ ਮਜ਼ਬੂਤ ਕਦਮ ਵਧਾਇਆ।

ਡਾ. ਬਲਜੀਤ ਕੌਰ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਕੀਮਤੀ ਸਰਮਾਇਆ ਹਨ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਮਾਨ ਸਰਕਾਰ ਦੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਕੋਸ਼ਿਸ਼ ਤਦੋਂ ਹੀ ਸਫਲ ਹੋਵੇਗੀ ਜਦੋਂ ਪਰਿਵਾਰ ਅਤੇ ਸਮਾਜ ਮਿਲ ਕੇ ਬਜ਼ੁਰਗ ਨਾਗਰਿਕਾਂ ਨੂੰ ਇਨ੍ਹਾਂ ਸਿਹਤ ਕੈਂਪਾਂ ਤੱਕ ਲਿਆਉਣ ਵਿੱਚ ਸਰਗਰਮ ਸਹਿਯੋਗ ਕਰਨਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.