ਤਾਜਾ ਖਬਰਾਂ
ਟੀਮ ਇੰਡੀਆ ਦੇ ਮਸ਼ਹੂਰ ਬੱਲੇਬਾਜ਼ ਸ਼ਿਖਰ ਧਵਨ ਨੇ ਆਪਣੀ ਜ਼ਿੰਦਗੀ ਦੀ 'ਦੂਜੀ ਪਾਰੀ' ਦਾ ਸ਼ਾਨਦਾਰ ਆਗਾਜ਼ ਕਰ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਚਰਚਾਵਾਂ 'ਤੇ ਮੋਹਰ ਲਗਾਉਂਦੇ ਹੋਏ ਧਵਨ ਨੇ ਆਇਰਲੈਂਡ ਦੀ ਸੋਫੀ ਸ਼ਾਈਨ ਨਾਲ ਵਿਆਹ ਕਰਵਾ ਲਿਆ ਹੈ। ਇਸ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
'ਯਾਰ ਦੀ ਸ਼ਾਦੀ' ਵਿੱਚ ਚਾਹਲ ਦਾ ਜਲਵਾ
ਇਸ ਵਿਆਹ ਸਮਾਗਮ ਦੀ ਸਭ ਤੋਂ ਖ਼ਾਸ ਗੱਲ ਭਾਰਤੀ ਸਪਿਨਰ ਯੁਜਵੇਂਦਰ ਚਾਹਲ ਦੀ ਮੌਜੂਦਗੀ ਰਹੀ। ਚਾਹਲ ਨੇ ਨਾ ਸਿਰਫ਼ ਵਿਆਹ ਵਿੱਚ ਸ਼ਿਰਕਤ ਕੀਤੀ, ਸਗੋਂ ਆਪਣੇ ਯਾਰ ਦੀ ਖੁਸ਼ੀ ਵਿੱਚ ਰੱਜ ਕੇ ਭੰਗੜਾ ਵੀ ਪਾਇਆ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇੱਕ ਰੋਮਾਂਚਕ ਵੀਡੀਓ ਸਾਂਝੀ ਕਰਦਿਆਂ ਲਿਖਿਆ, "ਮੇਰੇ ਯਾਰ ਦੀ ਸ਼ਾਦੀ ਹੈ", ਜਿਸ ਵਿੱਚ ਧਵਨ ਅਤੇ ਸੋਫੀ ਆਪਣੇ ਵਿਆਹ ਵਾਲੇ ਲਿਬਾਸ ਵਿੱਚ ਬੇਹੱਦ ਜਚ ਰਹੇ ਹਨ।
ਆਇਰਲੈਂਡ ਦੀ ਸੋਫੀ ਬਣੀ ਧਵਨ ਦੀ ਹਮਸਫ਼ਰ
ਸ਼ਿਖਰ ਧਵਨ ਦੀ ਪਤਨੀ ਸੋਫੀ ਸ਼ਾਈਨ ਆਇਰਲੈਂਡ ਦੀ ਰਹਿਣ ਵਾਲੀ ਹੈ ਅਤੇ ਪੇਸ਼ੇ ਤੋਂ ਇੱਕ ਪ੍ਰੋਡਕਟ ਕੰਸਲਟੈਂਟ ਹੈ। ਜਾਣਕਾਰੀ ਮੁਤਾਬਕ ਸੋਫੀ ਧਵਨ ਤੋਂ 5 ਸਾਲ ਛੋਟੀ ਹੈ। ਦੋਵੇਂ ਕਾਫੀ ਸਮੇਂ ਤੋਂ ਇੱਕ-ਦੂਜੇ ਦੇ ਸੰਪਰਕ ਵਿੱਚ ਸਨ ਅਤੇ ਇਸੇ ਸਾਲ ਜਨਵਰੀ ਵਿੱਚ ਉਨ੍ਹਾਂ ਦੀ ਮੰਗਣੀ ਹੋਈ ਸੀ। ਹੁਣ ਇਸ ਜੋੜੇ ਨੇ ਅਧਿਕਾਰਤ ਤੌਰ 'ਤੇ ਇਕੱਠੇ ਰਹਿਣ ਦਾ ਫੈਸਲਾ ਕਰ ਲਿਆ ਹੈ।
ਪੁਰਾਣੀਆਂ ਯਾਦਾਂ ਛੱਡ ਨਵੀਂ ਸ਼ੁਰੂਆਤ
ਜ਼ਿਕਰਯੋਗ ਹੈ ਕਿ ਸ਼ਿਖਰ ਧਵਨ ਦਾ ਇਹ ਦੂਜਾ ਵਿਆਹ ਹੈ। ਸਾਲ 2023 ਵਿੱਚ ਉਨ੍ਹਾਂ ਦਾ ਆਪਣੀ ਪਹਿਲੀ ਪਤਨੀ ਆਇਸ਼ਾ ਮੁਖਰਜੀ ਨਾਲ ਤਲਾਕ ਹੋ ਗਿਆ ਸੀ, ਜਿਸ ਤੋਂ ਉਨ੍ਹਾਂ ਦਾ ਇੱਕ ਪੁੱਤਰ ਜ਼ੋਰਾਵਰ ਹੈ। ਹੁਣ ਧਵਨ ਨੇ ਸਾਰੀਆਂ ਪੁਰਾਣੀਆਂ ਕੜਵਾਹਟਾਂ ਨੂੰ ਪਿੱਛੇ ਛੱਡਦੇ ਹੋਏ ਸੋਫੀ ਨਾਲ ਇੱਕ ਨਵਾਂ ਸਫ਼ਰ ਸ਼ੁਰੂ ਕੀਤਾ ਹੈ। ਸੰਗੀਤ ਅਤੇ ਮਹਿੰਦੀ ਦੀਆਂ ਰਸਮਾਂ ਦੀਆਂ ਤਸਵੀਰਾਂ ਵੀ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
Get all latest content delivered to your email a few times a month.