ਤਾਜਾ ਖਬਰਾਂ
ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਬਾਹਰੀ ਇਲਾਕੇ ਨੇਲਮੰਗਲਾ ਨੇੜੇ ਸ਼ਨੀਵਾਰ ਅੱਧੀ ਰਾਤ ਨੂੰ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪੰਜ ਨੌਜਵਾਨਾਂ ਦੀ ਜਾਨ ਚਲੀ ਗਈ। ਪੁਲਿਸ ਅਨੁਸਾਰ, ਇੱਕ ਤੇਜ਼ ਰਫ਼ਤਾਰ ਕਾਰ ਅਤੇ ਕਰਨਾਟਕ ਰਾਜ ਸੜਕੀ ਆਵਾਜਾਈ ਨਿਗਮ (KSRTC) ਦੀ ਬੱਸ ਵਿਚਾਲੇ ਹੋਈ ਇਸ ਟੱਕਰ ਨੇ ਪੰਜ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ ਹਨ।
ਡਿਵਾਈਡਰ ਟੱਪ ਕੇ ਬੱਸ ਨਾਲ ਜਾ ਟਕਰਾਈ ਕਾਰ
ਮਢਨਾਇਕਨਹੱਲੀ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੈਂਗਲੁਰੂ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਡਿਵਾਈਡਰ ਪਾਰ ਕਰਕੇ ਦੂਜੀ ਲੇਨ ਵਿੱਚ ਚਲੀ ਗਈ ਅਤੇ ਸਾਹਮਣੇ ਤੋਂ ਆ ਰਹੀ ਬੱਸ ਨਾਲ ਸਿੱਧੀ ਜਾ ਟਕਰਾਈ। ਇਸ ਹਾਦਸੇ ਵਿੱਚ ਕਾਰ ਦੇ ਪਰਖੱਚੇ ਉੱਡ ਗਏ ਅਤੇ ਚਾਰ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪੰਜਵੇਂ ਨੌਜਵਾਨ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ।
ਪੁਲਿਸ ਅਧਿਕਾਰੀਆਂ ਅਨੁਸਾਰ, ਸਾਰੇ ਮ੍ਰਿਤਕ ਨੌਜਵਾਨ ਡੋਡਾਬੱਲਾਪੁਰਾ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੀ ਉਮਰ 17 ਤੋਂ 22 ਸਾਲ ਦੇ ਵਿਚਕਾਰ ਸੀ। ਰਾਹਤ ਦੀ ਗੱਲ ਇਹ ਰਹੀ ਕਿ ਬੱਸ ਵਿੱਚ ਸਵਾਰ ਸਾਰੀਆਂ 43 ਸਵਾਰੀਆਂ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਹਾਦਸੇ ਤੋਂ ਬਾਅਦ ਸਾਰੀਆਂ ਸਵਾਰੀਆਂ ਨੂੰ ਦੂਜੀ ਬੱਸ ਰਾਹੀਂ ਉਨ੍ਹਾਂ ਦੀ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ।
ਨਸ਼ੇ ਅਤੇ ਤੇਜ਼ ਰਫ਼ਤਾਰ ਦੀ ਹੋ ਰਹੀ ਜਾਂਚ
ਜੁਆਇੰਟ ਪੁਲਿਸ ਕਮਿਸ਼ਨਰ ਕਾਰਤਿਕ ਰੈੱਡੀ ਨੇ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਪਹਿਲੂ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਕਾਰ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ। ਉਨ੍ਹਾਂ ਦੱਸਿਆ ਕਿ ਖੂਨ ਦੇ ਨਮੂਨੇ ਇਕੱਠੇ ਕਰਕੇ ਫੋਰੈਂਸਿਕ ਜਾਂਚ (FSL) ਲਈ ਭੇਜ ਦਿੱਤੇ ਗਏ ਹਨ।
ਮ੍ਰਿਤਕਾਂ ਵਿੱਚੋਂ ਇੱਕ ਨੌਜਵਾਨ ਦੀ ਮਾਂ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਪੁੱਤਰ ਸੀਸੀਟੀਵੀ ਕੈਮਰਾ ਆਪਰੇਟਰ ਵਜੋਂ ਕੰਮ ਕਰਦਾ ਸੀ। ਉਸ ਨੇ ਘਰੋਂ ਨਿਕਲਣ ਵੇਲੇ ਕਿਹਾ ਸੀ ਕਿ ਉਹ ਦੋਸਤਾਂ ਨਾਲ ਮੰਦਿਰ ਜਾ ਰਿਹਾ ਹੈ ਅਤੇ ਵਾਪਸ ਆਉਣ ਵਿੱਚ ਦੇਰ ਹੋ ਸਕਦੀ ਹੈ। ਮਾਂ ਨੇ ਰੋਂਦੇ ਹੋਏ ਕਿਹਾ, "ਮੈਂ ਆਪਣਾ ਜਵਾਨ ਪੁੱਤਰ ਗੁਆ ਲਿਆ ਹੈ, ਮੈਨੂੰ ਨਹੀਂ ਪਤਾ ਕਿ ਉਹ ਕਾਰ ਕਿਸ ਦੀ ਸੀ।"
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਵਾਲੀ ਥਾਂ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ।
Get all latest content delivered to your email a few times a month.