ਤਾਜਾ ਖਬਰਾਂ
ਅਮਰੀਕਾ ਵਿੱਚ ਪੜ੍ਹਾਈ ਕਰਨ ਗਏ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਮਾਸਟਰਜ਼ ਦੀ ਪੜ੍ਹਾਈ ਕਰ ਰਿਹਾ 22 ਸਾਲਾ ਸਾਕੇਤ ਸ੍ਰੀਨਿਵਾਸਈਆ, ਜੋ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਸੀ, ਦੀ ਲਾਸ਼ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ। ਸੈਨ ਫਰਾਂਸਿਸਕੋ ਸਥਿਤ ਭਾਰਤੀ ਦੂਤਾਵਾਸ ਨੇ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਲਾਪਤਾ ਹੋਣ ਤੋਂ ਬਾਅਦ ਮਿਲੀ ਲਾਸ਼
ਕਰਨਾਟਕ ਨਾਲ ਸਬੰਧਤ ਸਾਕੇਤ ਸ੍ਰੀਨਿਵਾਸਈਆ ਬੀਤੇ ਸੋਮਵਾਰ ਤੋਂ ਅਚਾਨਕ ਲਾਪਤਾ ਹੋ ਗਿਆ ਸੀ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਸਾਕੇਤ ਦਾ ਬੈਗ, ਜਿਸ ਵਿੱਚ ਉਸ ਦਾ ਪਾਸਪੋਰਟ ਅਤੇ ਲੈਪਟਾਪ ਮੌਜੂਦ ਸੀ, ਪਾਰਕ ਹਿਲਜ਼ ਇਲਾਕੇ ਵਿੱਚ ਇੱਕ ਘਰ ਦੇ ਦਰਵਾਜ਼ੇ ਕੋਲੋਂ ਲਾਵਾਰਿਸ ਹਾਲਤ ਵਿੱਚ ਮਿਲਿਆ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਵੱਡੇ ਪੱਧਰ 'ਤੇ ਭਾਲ ਸ਼ੁਰੂ ਕੀਤੀ ਗਈ ਸੀ, ਪਰ ਸ਼ਨੀਵਾਰ ਨੂੰ ਉਸ ਦੀ ਮ੍ਰਿਤਕ ਦੇਹ ਮਿਲਣ ਨਾਲ ਪਰਿਵਾਰ ਦੀਆਂ ਉਮੀਦਾਂ ਟੁੱਟ ਗਈਆਂ।
ਭਾਰਤੀ ਦੂਤਾਵਾਸ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ
ਸੈਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਪੋਸਟ ਸਾਂਝੀ ਕਰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੂਤਾਵਾਸ ਨੇ ਕਿਹਾ:
"ਸਾਨੂੰ ਇਹ ਦੱਸਦਿਆਂ ਬਹੁਤ ਅਫ਼ਸੋਸ ਹੋ ਰਿਹਾ ਹੈ ਕਿ ਸਥਾਨਕ ਪੁਲਿਸ ਨੇ ਲਾਪਤਾ ਭਾਰਤੀ ਵਿਦਿਆਰਥੀ ਸਾਕੇਤ ਸ੍ਰੀਨਿਵਾਸਈਆ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਅਸੀਂ ਪੀੜਤ ਪਰਿਵਾਰ ਦੇ ਸੰਪਰਕ ਵਿੱਚ ਹਾਂ ਅਤੇ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਭੇਜਣ ਲਈ ਸਾਰੀਆਂ ਜ਼ਰੂਰੀ ਕਾਨੂੰਨੀ ਕਾਰਵਾਈਆਂ ਵਿੱਚ ਸਹਿਯੋਗ ਕਰ ਰਹੇ ਹਾਂ।"
ਵਿਦੇਸ਼ੀ ਧਰਤੀ 'ਤੇ ਪੜ੍ਹਾਈ ਕਰਕੇ ਆਪਣੇ ਸੁਪਨੇ ਸਾਕਾਰ ਕਰਨ ਗਏ ਇੱਕ ਹੋਰ ਭਾਰਤੀ ਚਿਰਾਗ ਦੇ ਬੁੱਝ ਜਾਣ ਨਾਲ ਕਰਨਾਟਕ ਸਥਿਤ ਉਸ ਦੇ ਜੱਦੀ ਪਿੰਡ ਵਿੱਚ ਮਾਤਮ ਪਸਰਿਆ ਹੋਇਆ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਅਮਰੀਕੀ ਪੁਲਿਸ ਦੀ ਜਾਂਚ ਰਿਪੋਰਟ 'ਤੇ ਟਿਕੀਆਂ ਹੋਈਆਂ ਹਨ, ਤਾਂ ਜੋ ਸਾਕੇਤ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।
Get all latest content delivered to your email a few times a month.