IMG-LOGO
ਹੋਮ ਪੰਜਾਬ, ਰਾਸ਼ਟਰੀ, ਕੈਨੇਡਾ ‘ਚ ਗੋਲੀਆਂ ਮਾਰ ਕੇ ਮਾਰੇ ਗਏ ਜੰਡਿਆਲਾ ਗੁਰੂ ਦੇ...

ਕੈਨੇਡਾ ‘ਚ ਗੋਲੀਆਂ ਮਾਰ ਕੇ ਮਾਰੇ ਗਏ ਜੰਡਿਆਲਾ ਗੁਰੂ ਦੇ ਨੌਜਵਾਨ ਦਾ ਅੰਤਿਮ ਸਸਕਾਰ, ਪਿੰਡ 'ਚ ਛਾਇਆ ਗਮ ਦਾ ਮਾਹੌਲ

Admin User - Feb 14, 2026 08:35 PM
IMG

ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਦੇਵੀਦਾਸ ਪੁਰਾ ਦੇ 22 ਸਾਲਾ ਨੌਜਵਾਨ ਸਿਮਰਨਜੀਤ ਸਿੰਘ ਸੰਧੂ ਦੀ ਮ੍ਰਿਤਕ ਦੇਹ ਕਤਲ ਤੋਂ ਲਗਭਗ ਇੱਕ ਮਹੀਨੇ ਬਾਅਦ ਉਸਦੇ ਪਿੰਡ ਪਹੁੰਚੀ, ਜਿੱਥੇ ਸੈਂਕੜਿਆਂ ਲੋਕਾਂ ਨੇ ਨਮ ਅੱਖਾਂ ਨਾਲ ਉਸਨੂੰ ਅੰਤਿਮ ਵਿਦਾਈ ਦਿੱਤੀ। ਨੌਜਵਾਨ ਦੀ ਮੌਤ ਕੈਨੇਡਾ ਵਿੱਚ ਗੋਲੀਬਾਰੀ ਦੀ ਘਟਨਾ ਦੌਰਾਨ ਹੋਈ ਸੀ, ਜਿਸ ਨੇ ਸਾਰੇ ਇਲਾਕੇ ਨੂੰ ਸਦਮੇ ਵਿੱਚ ਛੱਡ ਦਿੱਤਾ।

ਪਰਿਵਾਰਕ ਮੈਂਬਰਾਂ ਦੇ ਅਨੁਸਾਰ ਸਿਮਰਨਜੀਤ ਸਾਲ 2023 ਵਿੱਚ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਉਸਦੇ ਚੰਗੇ ਭਵਿੱਖ ਦੀ ਆਸ ਵਿੱਚ ਪਰਿਵਾਰ ਨੇ 10 ਅਗਸਤ 2023 ਨੂੰ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕੁਝ ਸਮਾਂ ਪਹਿਲਾਂ ਕੈਨੇਡੀਅਨ ਪੁਲਿਸ ਵੱਲੋਂ ਪਰਿਵਾਰ ਨੂੰ ਫੋਨ ਕਰਕੇ ਇਹ ਦੁਖਦਾਈ ਖ਼ਬਰ ਦਿੱਤੀ ਗਈ ਕਿ ਅਣਪਛਾਤੇ ਹਮਲਾਵਰਾਂ ਨੇ ਸਿਮਰਨਜੀਤ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।

ਇਹ ਖ਼ਬਰ ਮਿਲਦੇ ਹੀ ਘਰ ਵਿੱਚ ਚੀਖ ਪੁਕਾਰ ਮਚ ਗਈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਇੱਕ ਮਹੀਨੇ ਦੀ ਕਾਨੂੰਨੀ ਕਾਰਵਾਈ ਅਤੇ ਪ੍ਰਕਿਰਿਆ ਤੋਂ ਬਾਅਦ ਅੱਜ ਉਸਦੀ ਮ੍ਰਿਤਕ ਦੇਹ ਪਿੰਡ ਪਹੁੰਚੀ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ।

ਮ੍ਰਿਤਕ ਦੇ ਪਿਤਾ ਨੇ ਦੁਖੀ ਦਿਲ ਨਾਲ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੇ ਸੁਪਨਿਆਂ ਲਈ ਸਭ ਕੁਝ ਲਗਾ ਦਿੱਤਾ ਸੀ, ਪਰ ਹੁਣ ਉਨ੍ਹਾਂ ਕੋਲ ਸਿਰਫ਼ ਯਾਦਾਂ ਹੀ ਬਚੀਆਂ ਹਨ। ਉਨ੍ਹਾਂ ਨੇ ਭਾਰਤ ਅਤੇ ਕੈਨੇਡਾ ਸਰਕਾਰਾਂ ਤੋਂ ਮੰਗ ਕੀਤੀ ਕਿ ਕਤਲ ਦੇ ਮਾਮਲੇ ਵਿੱਚ ਇਨਸਾਫ਼ ਮਿਲੇ ਅਤੇ ਪੁੱਤਰ ਦੇ ਬਣਦੇ ਹੱਕਾਂ ਵਾਲਾ ਸਮਾਨ ਤੇ ਰਕਮ ਪਰਿਵਾਰ ਨੂੰ ਸੌਂਪੀ ਜਾਵੇ।

ਇਸ ਦੁਖਦਾਈ ਘਟਨਾ ਨੇ ਨਾ ਸਿਰਫ਼ ਪਰਿਵਾਰ, ਸਗੋਂ ਪੂਰੇ ਇਲਾਕੇ ਨੂੰ ਗਹਿਰੇ ਦੁੱਖ ਵਿੱਚ ਡੁੱਬੋ ਦਿੱਤਾ ਹੈ। ਪਿੰਡ ਵਾਸੀਆਂ ਨੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਨ ਅਤੇ ਕੜੀ ਕਾਰਵਾਈ ਦੀ ਮੰਗ ਕੀਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.