ਤਾਜਾ ਖਬਰਾਂ
ਸਮਾਜਵਾਦੀ ਪਾਰਟੀ (ਸਪਾ) ਦੇ ਰਾਸ਼ਟਰੀ ਬੁਲਾਰੇ ਮਨੋਜ ਯਾਦਵ ਨੂੰ ਉੱਤਰ ਪ੍ਰਦੇਸ਼ ਦੀ ਬਾਰਾਬੰਕੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਸਮਾਜਵਾਦੀ ਪਾਰਟੀ ਨੇ ਆਪਣੇ ਅਧਿਕਾਰਤ 'ਐਕਸ' (ਟਵਿੱਟਰ) ਹੈਂਡਲ 'ਤੇ ਪੋਸਟ ਪਾ ਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਟੀਵੀ ਪੈਨਲਿਸਟ ਮਨੋਜ ਯਾਦਵ ਬੀਤੀ ਰਾਤ ਤੋਂ ਲਾਪਤਾ ਹਨ, ਜੋ ਕਿ ਇੱਕ ਗੰਭੀਰ ਵਿਸ਼ਾ ਹੈ। ਹਾਲਾਂਕਿ, ਬਾਅਦ ਵਿੱਚ ਬਾਰਾਬੰਕੀ ਦੇ ਸਫਦਰਗੰਜ ਥਾਣੇ ਦੀ ਪੁਲਿਸ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ।
ਧਮਕੀਆਂ ਅਤੇ ਜਾਤੀਸੂਚਕ ਸ਼ਬਦ ਵਰਤਣ ਦਾ ਇਲਜ਼ਾਮ
ਪ੍ਰਾਪਤ ਜਾਣਕਾਰੀ ਅਨੁਸਾਰ ਸਪਾ ਆਗੂ ਮਨੋਜ ਯਾਦਵ ਵਿਰੁੱਧ ਧਮਕੀਆਂ ਦੇਣ ਅਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਬਾਰਾਬੰਕੀ ਪੁਲਿਸ ਨੇ ਸਫਦਰਗੰਜ ਥਾਣੇ ਵਿੱਚ 11 ਫਰਵਰੀ ਨੂੰ ਇਹ ਕੇਸ ਦਰਜ ਕੀਤਾ ਸੀ। ਮਨੋਜ ਯਾਦਵ ਬਾਰਾਬੰਕੀ ਦੇ ਪਿੰਡ ਭਗੋਲਾਪੁਰਵਾ ਦੇ ਰਹਿਣ ਵਾਲੇ ਹਨ।
ਪਤਨੀ ਨੇ ਦਰਜ ਕਰਵਾਈ ਸੀ ਗੁੰਮਸ਼ੁਦਗੀ ਦੀ ਸ਼ਿਕਾਇਤ
ਦੱਸਿਆ ਜਾ ਰਿਹਾ ਹੈ ਕਿ ਮਨੋਜ ਯਾਦਵ ਪਿਛਲੇ ਦੋ ਦਿਨਾਂ ਤੋਂ ਲਾਪਤਾ ਸਨ। ਉਨ੍ਹਾਂ ਦੀ ਪਤਨੀ ਨੇ ਲਖਨਊ ਦੇ ਗੋਮਤੀਨਗਰ ਥਾਣੇ ਵਿੱਚ ਉਨ੍ਹਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਿੱਤੀ ਸੀ। ਪਾਰਟੀ ਨੇ ਸੋਸ਼ਲ ਮੀਡੀਆ 'ਤੇ ਸ਼ਿਕਾਇਤ ਦੀ ਕਾਪੀ ਸਾਂਝੀ ਕਰਦਿਆਂ ਪੁਲਿਸ ਨੂੰ ਤੁਰੰਤ ਖੋਜਬੀਨ ਕਰਨ ਅਤੇ ਕਿਸੇ ਅਣਹੋਣੀ ਦਾ ਖ਼ਦਸ਼ਾ ਜਤਾਉਂਦਿਆਂ ਜਲਦ ਲੱਭਣ ਦੀ ਅਪੀਲ ਕੀਤੀ ਸੀ।
ਪੁਲਿਸ ਦਾ ਅਧਿਕਾਰਤ ਬਿਆਨ
ਬਾਰਾਬੰਕੀ ਪੁਲਿਸ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 11 ਫਰਵਰੀ 2026 ਨੂੰ ਸਫਦਰਗੰਜ ਥਾਣੇ ਵਿੱਚ ਦਰਜ ਐਫਆਈਆਰ (ਮੁਕੱਦਮਾ ਨੰਬਰ 50/26) ਦੇ ਸਬੰਧ ਵਿੱਚ ਅੱਜ 13 ਫਰਵਰੀ 2026 ਨੂੰ ਮੁਲਜ਼ਮ ਮਨੋਜ ਉਰਫ਼ ਬਬਲੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਮਨੋਜ ਯਾਦਵ ਸਮਾਜਵਾਦੀ ਪਾਰਟੀ ਦੇ ਇੱਕ ਤੇਜ਼-ਤਰਾਰ ਬੁਲਾਰੇ ਮੰਨੇ ਜਾਂਦੇ ਹਨ, ਜੋ ਅਕਸਰ ਟੀਵੀ ਡਿਬੇਟਾਂ ਵਿੱਚ ਪਾਰਟੀ ਦਾ ਪੱਖ ਬੜੀ ਹਮਲਾਵਰ ਸ਼ੈਲੀ ਵਿੱਚ ਰੱਖਦੇ ਹਨ।
Get all latest content delivered to your email a few times a month.