ਤਾਜਾ ਖਬਰਾਂ
ਲੁਧਿਆਣਾ: ਸਨਅਤੀ ਸ਼ਹਿਰ ਦੇ ਅੰਬੇਡਕਰ ਨਗਰ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਕੁਝ ਅਣਪਛਾਤੇ ਨੌਜਵਾਨਾਂ ਨੇ ਪੰਜਾਬੀ ਗਾਇਕ ਅਤੇ ਸੰਗੀਤਕਾਰ ਅਮਨ ਸਹੋਤਾ ਨੂੰ ਘੇਰ ਕੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਖ਼ੂਨੀ ਹਮਲੇ ਵਿੱਚ ਅਮਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਪਹਿਲਾਂ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਚਿੰਤਾਜਨਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਪੀ.ਜੀ.ਆਈ. (PGI) ਚੰਡੀਗੜ੍ਹ ਰੈਫਰ ਕਰ ਦਿੱਤਾ ਹੈ।
ਸਿਰ ਅਤੇ ਅੱਖ 'ਤੇ ਡੂੰਘੇ ਜ਼ਖ਼ਮ, ਫ੍ਰੈਕਚਰ ਦਾ ਸ਼ੱਕ
ਸਿਵਲ ਹਸਪਤਾਲ ਦੇ ਡਾਕਟਰਾਂ ਮੁਤਾਬਕ ਹਮਲਾਵਰਾਂ ਨੇ ਅਮਨ ਦੇ ਸਿਰ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਖੋਪੜੀ ਵਿੱਚ ਫ੍ਰੈਕਚਰ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਅੱਖ 'ਤੇ ਵੀ ਡੂੰਘੀ ਸੱਟ ਵੱਜੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਸਲ ਸਥਿਤੀ ਸੀ.ਟੀ. ਸਕੈਨ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ, ਪਰ ਫਿਲਹਾਲ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ।
ਅਚਾਨਕ ਹੋਇਆ ਹਮਲਾ: ਦੋਸਤਾਂ ਨੇ ਸੁਣਾਈ ਹੱਡਬੀਤੀ
ਅਮਨ ਦੇ ਦੋਸਤ ਅਰਸ਼ ਕੁਮਾਰ ਨੇ ਦੱਸਿਆ ਕਿ ਅਮਨ ਕਿਸੇ ਨਿੱਜੀ ਕੰਮ ਲਈ ਅੰਬੇਡਕਰ ਨਗਰ ਗਏ ਹੋਏ ਸਨ। ਉੱਥੇ ਪਹਿਲਾਂ ਤੋਂ ਘਾਤ ਲਾ ਕੇ ਬੈਠੇ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਬਿਨਾਂ ਕੁਝ ਕਹੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਦੋਸਤਾਂ ਨੇ ਤੁਰੰਤ ਖ਼ੂਨ ਨਾਲ ਲੱਥਪੱਥ ਅਮਨ ਨੂੰ ਹਸਪਤਾਲ ਪਹੁੰਚਾਇਆ ਅਤੇ ਪਰਿਵਾਰ ਨੂੰ ਸੂਚਿਤ ਕੀਤਾ। ਹਮਲੇ ਦੇ ਪਿੱਛੇ ਦੀ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆਈ ਹੈ।
ਭਜਨ ਗਾਇਕ ਵਜੋਂ ਹਨ ਮਸ਼ਹੂਰ
ਦੁਗਰੀ ਦੇ ਹਿੰਮਤ ਨਗਰ ਦੇ ਰਹਿਣ ਵਾਲੇ ਅਮਨ ਸਹੋਤਾ ਸੰਗੀਤ ਜਗਤ ਦਾ ਜਾਣਿਆ-ਪਛਾਣਿਆ ਚਿਹਰਾ ਹਨ। ਉਹ ਗਾਇਕ ਹੋਣ ਦੇ ਨਾਲ-ਨਾਲ ਇੱਕ ਕੁਸ਼ਲ ਮਿਊਜ਼ਸ਼ੀਅਨ ਵੀ ਹਨ। ਉਨ੍ਹਾਂ ਨੇ ਭਗਵਾਨ ਵਾਲਮੀਕੀ ਜੀ ਦੇ ਭਜਨਾਂ ਦੀਆਂ ਕਈ ਐਲਬਮਾਂ ਰੀਲੀਜ਼ ਕੀਤੀਆਂ ਹਨ ਅਤੇ ਅਕਸਰ ਸਟੇਜ ਸ਼ੋਅਜ਼ ਰਾਹੀਂ ਲੋਕਾਂ ਨਾਲ ਜੁੜੇ ਰਹਿੰਦੇ ਹਨ।
Get all latest content delivered to your email a few times a month.