ਤਾਜਾ ਖਬਰਾਂ
ਪੰਜਾਬ ਦੇ ਡੇਰਾ ਬਾਬਾ ਨਾਨਕ ਹਲਕੇ ਅਧੀਨ ਆਉਂਦੇ ਪਿੰਡ ਸਮਰਾਏ (ਫਤਿਹਗੜ੍ਹ ਨਜ਼ਦੀਕ) ਦੇ ਨੌਜਵਾਨ ਬਲਵਿੰਦਰ ਸਿੰਘ (ਉਮਰ 32 ਸਾਲ), ਪੁੱਤਰ ਮੁੱਖਾ ਸਿੰਘ, ਦੀ ਦੁਬਈ ਵਿੱਚ ਭੇਤਭਰੇ ਹਾਲਾਤਾਂ ’ਚ ਮੌਤ ਹੋ ਜਾਣ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ 4 ਫਰਵਰੀ ਨੂੰ ਵਾਪਰੀ ਦੱਸੀ ਜਾ ਰਹੀ ਹੈ, ਪਰ ਅਜੇ ਤੱਕ ਮੌਤ ਦੇ ਅਸਲ ਕਾਰਨਾਂ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ।
ਪਰਿਵਾਰਕ ਮੈਂਬਰਾਂ ਅਨੁਸਾਰ, ਬਲਵਿੰਦਰ ਸਿੰਘ ਲਗਭਗ 6 ਮਹੀਨੇ ਪਹਿਲਾਂ ਘਰ ਦੀ ਮਾਲੀ ਹਾਲਤ ਸੁਧਾਰਨ ਅਤੇ ਪਰਿਵਾਰ ਨੂੰ ਗਰੀਬੀ ਤੋਂ ਬਾਹਰ ਕੱਢਣ ਦੀ ਆਸ ਨਾਲ ਦੁਬਈ ਗਿਆ ਸੀ। ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਸਫ਼ਰ ਉਸਦੀ ਜ਼ਿੰਦਗੀ ਦਾ ਆਖ਼ਰੀ ਸਫ਼ਰ ਸਾਬਤ ਹੋਵੇਗਾ।
ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰਿਵਾਰ ਦੀ ਮਾਤਾ ਪੰਮੋ, ਪਤਨੀ ਪ੍ਰਵੀਨ ਕੁਮਾਰੀ ਅਤੇ ਚਾਚੇ ਦੇ ਪੁੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਨਾ ਤਾਂ ਆਪਣੇ ਪੁੱਤਰ ਦੀ ਲਾਸ਼ ਦੁਬਈ ਤੋਂ ਭਾਰਤ ਲਿਆਉਣ ਲਈ ਪੈਸੇ ਹਨ ਅਤੇ ਨਾ ਹੀ ਰੋਜ਼ਾਨਾ ਜੀਵਨ ਗੁਜ਼ਾਰਨ ਲਈ ਕੋਈ ਸਾਧਨ।
ਬਜ਼ੁਰਗ ਮਾਤਾ ਨੇ ਰੋ-ਰੋ ਕੇ ਦੱਸਿਆ ਕਿ ਉਸਦੇ ਪਤੀ ਅਤੇ ਵੱਡੇ ਪੁੱਤਰ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ। ਹੁਣ ਬਲਵਿੰਦਰ ਸਿੰਘ ਦੇ ਦਿਹਾਂਤ ਤੋਂ ਬਾਅਦ ਘਰ ਵਿੱਚ ਕਮਾਈ ਕਰਨ ਵਾਲਾ ਕੋਈ ਵੀ ਮਰਦ ਨਹੀਂ ਬਚਿਆ। ਪਰਿਵਾਰ ਵਿੱਚ ਇਸ ਸਮੇਂ 3 ਵਿਧਵਾ ਔਰਤਾਂ ਅਤੇ 5 ਛੋਟੇ-ਛੋਟੇ ਬੱਚੇ ਹਨ। ਉਨ੍ਹਾਂ ਦਾ ਕੱਚਾ ਘਰ ਵੀ ਜ਼ਰਜਰ ਹਾਲਤ ਵਿੱਚ ਹੈ ਅਤੇ ਦੋ ਵਕਤ ਦੀ ਰੋਟੀ ਜੁਟਾਉਣਾ ਵੀ ਮੁਸ਼ਕਲ ਬਣਿਆ ਹੋਇਆ ਹੈ।
ਦੁੱਖੀ ਪਰਿਵਾਰ ਨੇ ਪੰਜਾਬ ਸਰਕਾਰ, ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਕੋਲ ਅਪੀਲ ਕੀਤੀ ਹੈ ਕਿ ਬਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਭਾਰਤ ਵਾਪਸ ਲਿਆਉਣ ਅਤੇ ਪਰਿਵਾਰ ਦੀ ਆਰਥਿਕ ਮਦਦ ਲਈ ਅੱਗੇ ਆਇਆ ਜਾਵੇ।
Get all latest content delivered to your email a few times a month.