ਤਾਜਾ ਖਬਰਾਂ
ਪੰਜਾਬ ਦੀ ਮੁੱਖ ਚੋਣ ਅਫ਼ਸਰ ਅਤੇ ਪ੍ਰਬੰਧਕੀ ਸਕੱਤਰ ਚੋਣਾਂ ਅਨਿੰਦਿਤਾ ਮਿਤਰਾ ਵੱਲੋਂ ਅੱਜ ਪਟਿਆਲਾ ਦੇ ਬਾਰਾਂਦਰੀ ਬਾਗ ਵਿਖੇ ਸਥਿਤ ਸੂਬਾ ਪੱਧਰੀ ਚੋਣ ਭੰਡਾਰ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਚੋਣਾਂ ਨਾਲ ਸਬੰਧਤ ਸਾਜੋ-ਸਮਾਨ ਦੀ ਸਾਂਭ-ਸੰਭਾਲ, ਸਟੋਰ ਵਿੱਚ ਸਮਾਨ ਰੱਖਣ ਦੀ ਵਿਵਸਥਾ ਅਤੇ ਸਫਾਈ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ।
ਮੁੱਖ ਚੋਣ ਅਫ਼ਸਰ ਨੇ ਵੋਟਰ ਸੂਚੀਆਂ ਦੀ ਤਿਆਰੀ, ਵੋਟਰ ਪਛਾਣ ਕਾਰਡ ਬਣਾਉਣ ਅਤੇ ਉਨ੍ਹਾਂ ਦੀ ਵੰਡ ਪ੍ਰਕਿਰਿਆ ਦੇ ਨਾਲ-ਨਾਲ ਗੁਰਦੁਆਰਾ ਚੋਣਾਂ ਲਈ ਵਰਤੀ ਜਾਣ ਵਾਲੀ ਚੋਣ ਸਮੱਗਰੀ, ਫਾਰਮ, ਲਿਫਾਫੇ, ਸਟੇਸ਼ਨਰੀ ਆਈਟਮਾਂ ਅਤੇ ਨਾ-ਖਪਤ ਹੋਣ ਵਾਲੀ ਚੋਣ ਸਮੱਗਰੀ ਦੀ ਵੀ ਜਾਂਚ ਕੀਤੀ। ਉਨ੍ਹਾਂ ਸਟੋਰ ਵਿੱਚ ਮੌਜੂਦ ਸਮਾਨ ਦੀ ਸੁਚੱਜੀ ਵਿਵਸਥਾ ਅਤੇ ਰਖ-ਰਖਾਅ ‘ਤੇ ਸੰਤੋਸ਼ ਪ੍ਰਗਟਾਇਆ।
ਨਿਰੀਖਣ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਚੋਣ ਭੰਡਾਰ ਵਿੱਚ ਕੁਝ ਅਜਿਹੀਆਂ ਵਸਤਾਂ ਮੌਜੂਦ ਹਨ, ਜਿਵੇਂ ਕਿ ਪੁਰਾਣੇ ਫਾਰਮ ਅਤੇ ਕਿਤਾਬਾਂ, ਜੋ ਹੁਣ ਚੋਣ ਕਮਿਸ਼ਨ ਵੱਲੋਂ ਬਦਲੇ ਜਾ ਚੁੱਕੇ ਹਨ ਅਤੇ ਭਵਿੱਖ ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਵਰਤੋਂ ਨਹੀਂ ਹੋਵੇਗੀ। ਇਸ ‘ਤੇ ਮੁੱਖ ਚੋਣ ਅਫ਼ਸਰ ਨੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਅਜਿਹੀ ਸਮੱਗਰੀ ਦਾ ਨਿਯਮਾਂ ਅਨੁਸਾਰ ਨਿਪਟਾਰਾ ਕੀਤਾ ਜਾਵੇ, ਤਾਂ ਜੋ ਆਉਣ ਵਾਲੀਆਂ ਚੋਣਾਂ ਲਈ ਲੋੜੀਂਦਾ ਸਮਾਨ ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਸੰਭਾਲਿਆ ਜਾ ਸਕੇ।
ਉਨ੍ਹਾਂ ਨੇ ਚੋਣ ਭੰਡਾਰ ਦੀ ਕਾਫ਼ੀ ਪੁਰਾਣੀ ਹੋ ਚੁੱਕੀ ਇਮਾਰਤ ਦੀ ਮੁਰੰਮਤ ਕਰਵਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਜਲਦ ਕਾਰਵਾਈ ਕਰਨ ਲਈ ਕਿਹਾ।
ਇਸ ਤੋਂ ਪਹਿਲਾਂ ਮੁੱਖ ਚੋਣ ਅਫ਼ਸਰ ਅਨਿੰਦਿਤਾ ਮਿਤਰਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਏ.ਡੀ.ਸੀ. (ਜਨਰਲ) ਸਿਮਰਪ੍ਰੀਤ ਕੌਰ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਦੇ ਚੋਣ ਪ੍ਰਬੰਧਾਂ, ਚੋਣ ਅਮਲ ਨਾਲ ਜੁੜੇ ਹੋਰ ਮੁੱਦਿਆਂ ਅਤੇ ਈ.ਵੀ.ਐਮ. ਵੇਅਰਹਾਊਸ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ।
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਮੁੱਖ ਚੋਣ ਅਫ਼ਸਰ ਦਾ ਪਟਿਆਲਾ ਪਹੁੰਚਣ ‘ਤੇ ਸਵਾਗਤ ਕੀਤਾ ਅਤੇ ਜ਼ਿਲ੍ਹੇ ਵਿੱਚ ਚੋਣਾਂ ਨੂੰ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ, ਚੋਣ ਤਹਿਸੀਲਦਾਰ ਵਿਜੇ ਚੌਧਰੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ, ਚੋਣ ਕਾਨੂੰਗੋ ਪ੍ਰਿਯੰਕਾ ਰਾਣੀ, ਸੀਨੀਅਰ ਸਹਾਇਕ ਪਰਮਜੀਤ ਸਿੰਘ ਸਮੇਤ ਚੋਣ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਰਹੇ।
Get all latest content delivered to your email a few times a month.