ਤਾਜਾ ਖਬਰਾਂ
ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਵਿੱਚ 2 ਦਿਸੰਬਰ 2025 ਨੂੰ ਵਿਆਹੀ ਗੁਰਲੀਨ ਕੌਰ ਦੀ ਹੋਈ ਮੌਤ ਦੇ ਮਾਮਲੇ ਵਿੱਚ ਉਸ ਵੇਲੇ ਨਵਾਂ ਤੇ ਹੈਰਾਨੀਜਨਕ ਮੋੜ ਆਇਆ, ਜਦੋਂ ਮ੍ਰਿਤਕਾ ਦੀ ਸੱਸ ਨੇ ਆਪਣੀ ਨੂੰਹ ਦੇ ਕਤਲ ਦਾ ਦੋਸ਼ ਆਪਣੇ ਸਿਰ ਲੈਂਦਿਆਂ ਕਬੂਲਨਾਮਾ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਵੀ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਸਬੰਧੀ ਮ੍ਰਿਤਕਾ ਦੇ ਪਿਤਾ ਨਵੀਨ ਸੈਣੀ ਦੇ ਬਿਆਨਾਂ ਦੇ ਆਧਾਰ ’ਤੇ ਪਹਿਲਾਂ ਹੀ ਬਹਿਰਾਮਪੁਰ ਥਾਣੇ ਵਿੱਚ ਗੁਰਲੀਨ ਦੇ ਪਤੀ ਮਨਜੀਤ ਸੈਣੀ, ਦਿਓਰ ਦਲਜੀਤ ਅਤੇ ਦਿਓਰਾਣੀ ਪੂਨਮ ਖਿਲਾਫ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਮਨਜੀਤ ਸੈਣੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਫਿਲਹਾਲ ਮਾਂ-ਪੁੱਤ ਦੋਵੇਂ ਜੇਲ ਵਿੱਚ ਹਨ, ਪਰ ਗੁਰਲੀਨ ਕੌਰ ਦੇ ਮਾਇਕੇ ਪਰਿਵਾਰ ਦਾ ਦੋਸ਼ ਹੈ ਕਿ ਅਸਲ ਕਾਤਲ ਦਿਓਰ ਦਲਜੀਤ ਅਤੇ ਉਸ ਦੀ ਪਤਨੀ ਪੂਨਮ ਹਨ, ਜੋ ਹਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਸ ਮਾਮਲੇ ਵਿੱਚ ਗੁਰਲੀਨ ਦੇ ਸਹੁਰੇ ਕਸਤੂਰੀ ਲਾਲ ਨੇ ਵੀ ਖੁਲ੍ਹ ਕੇ ਬਿਆਨ ਦਿੱਤਾ ਹੈ ਕਿ ਦਲਜੀਤ ਅਤੇ ਪੂਨਮ ਗੁਰਲੀਨ ਕੌਰ ਨੂੰ ਲਗਾਤਾਰ ਤੰਗ-ਪਰੇਸ਼ਾਨ ਕਰਦੇ ਸਨ ਅਤੇ ਉਸ ਨਾਲ ਮਾਰ-ਕੁਟਾਈ ਵੀ ਕਰਦੇ ਰਹੇ, ਉਨ੍ਹਾਂ ਵੱਲੋਂ ਹੀ 2 ਦਿਸੰਬਰ ਨੂੰ ਗਲਾ ਘੋਟ ਕੇ ਉਸ ਦਾ ਕਤਲ ਕੀਤਾ ਗਿਆ। ਮ੍ਰਿਤਕਾ ਦੇ ਪਿਤਾ ਨਵੀਨ ਸੈਣੀ ਅਤੇ ਸਹੁਰੇ ਕਸਤੂਰੀ ਲਾਲ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਕਤਲ ਦੇ ਅਸਲੀ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਜਿਸ ਸਬੰਧੀ ਅੱਜ ਐਸਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
Get all latest content delivered to your email a few times a month.