ਤਾਜਾ ਖਬਰਾਂ
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਦੌਰਾਨ ਇੱਕ ਭਿਆਨਕ ਧਮਾਕਾ ਹੋਣ ਨਾਲ ਸ਼ਹਿਰ ਦਹਿਲ ਗਿਆ। ਇਸ ਧਮਾਕੇ ਵਿੱਚ ਹੁਣ ਤੱਕ 15 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 80 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਭਗਦੜ ਮੱਚ ਗਈ ਅਤੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਰੈਸਕਿਊ ਟੀਮਾਂ ਅਤੇ ਐਂਬੂਲੈਂਸਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਜ਼ਖਮੀਆਂ ਨੂੰ ਫੌਰਨ ਨੇੜਲੇ ਹਸਪਤਾਲਾਂ ਵੱਲ ਭੇਜਿਆ ਗਿਆ, ਜਿੱਥੇ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸਲਾਮਾਬਾਦ ਦੇ ਵੱਡੇ ਹਸਪਤਾਲਾਂ—ਪੌਲੀਕਲੀਨਿਕ ਹਸਪਤਾਲ, ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (PIMS) ਅਤੇ CDA ਹਸਪਤਾਲ—ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਇਨ੍ਹਾਂ ਹਸਪਤਾਲਾਂ ਦੇ ਬਰਨ ਯੂਨਿਟ, ਆਰਥੋਪੀਡਿਕ ਅਤੇ ਨਿਊਰੋਲੋਜੀ ਵਿਭਾਗ ਪੂਰੀ ਤਰ੍ਹਾਂ ਤਿਆਰ ਰੱਖੇ ਗਏ ਹਨ।
ਧਮਾਕਾ ਉਸ ਵੇਲੇ ਹੋਇਆ ਜਦੋਂ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ੀਯੋਯੇਵ ਦੋ ਦਿਨਾਂ ਦੇ ਸਰਕਾਰੀ ਦੌਰੇ ‘ਤੇ ਇਸਲਾਮਾਬਾਦ ਵਿੱਚ ਮੌਜੂਦ ਹਨ, ਜਿਸ ਕਾਰਨ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜੇ ਹੋ ਰਹੇ ਹਨ। ਇਸਲਾਮਾਬਾਦ ਕੈਪੀਟਲ ਟੈਰੀਟਰੀ ਪੁਲਿਸ ਦੇ ਬੁਲਾਰੇ ਤਾਕੀ ਜਵਾਦ ਨੇ ਦੱਸਿਆ ਕਿ ਧਮਾਕੇ ਦੀ ਕਿਸਮ ਬਾਰੇ ਫਿਲਹਾਲ ਕੁਝ ਵੀ ਕਹਿਣਾ ਜਲਦੀਬਾਜ਼ੀ ਹੋਵੇਗੀ। ਫੋਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਹਨ ਕਿ ਇਹ ਆਤਮਘਾਤੀ ਹਮਲਾ ਸੀ ਜਾਂ ਕਿਸੇ ਨੇ ਧਮਾਕੇਦਾਰ ਸਮੱਗਰੀ ਪਲਾਂਟ ਕੀਤੀ ਸੀ।
ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ਇਸਨੂੰ ਆਤਮਘਾਤੀ ਹਮਲਾ ਦੱਸ ਰਹੀਆਂ ਹਨ, ਪਰ ਸਰਕਾਰੀ ਤੌਰ ‘ਤੇ ਅਜੇ ਤੱਕ ਇਸਦੀ ਪੁਸ਼ਟੀ ਨਹੀਂ ਹੋਈ। ਧਮਾਕੇ ਦੀ ਜ਼ਿੰਮੇਵਾਰੀ ਵੀ ਹੁਣ ਤੱਕ ਕਿਸੇ ਵੀ ਸੰਗਠਨ ਨੇ ਕਬੂਲ ਨਹੀਂ ਕੀਤੀ। ਜਾਂਚ ਏਜੰਸੀਆਂ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰ ਰਹੀਆਂ ਹਨ ਅਤੇ ਹਰ ਪੱਖੋਂ ਮਾਮਲੇ ਦੀ ਤਹਕੀਕਾਤ ਜਾਰੀ ਹੈ।
ਫਿਲਹਾਲ, ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਅਤੇ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਨਾਕਾਬੰਦੀ ਅਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।
Get all latest content delivered to your email a few times a month.