IMG-LOGO
ਹੋਮ ਪੰਜਾਬ: ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਦੀ ਜ਼ਮੀਨ ’ਤੇ ਧੋਖਾਧੜੀ ਦਾ...

ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਦੀ ਜ਼ਮੀਨ ’ਤੇ ਧੋਖਾਧੜੀ ਦਾ ਮਾਮਲਾ ਗੰਭੀਰ, SGPC ਵਫ਼ਦ ਵੱਲੋਂ DC ਤੇ SSP ਕੋਲ ਸਖ਼ਤ ਕਾਰਵਾਈ ਦੀ ਮੰਗ

Admin User - Feb 05, 2026 07:41 PM
IMG

ਮੋਹਾਲੀ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਕੀਮਤੀ ਜ਼ਮੀਨ ਨਾਲ ਸੰਬੰਧਤ ਧੋਖਾਧੜੀ ਦਾ ਮਾਮਲਾ ਹੁਣ ਗੰਭੀਰ ਰੂਪ ਧਾਰਨ ਕਰ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ਮਾਮਲੇ ਵਿੱਚ ਪ੍ਰਸ਼ਾਸਨ ਅਤੇ ਪੁਲਿਸ ਅੱਗੇ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਮੋਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਸੁਪਰਿੰਟੈਂਡੈਂਟ ਆਫ਼ ਪੁਲਿਸ (SSP) ਨਾਲ ਮੁਲਾਕਾਤ ਕੀਤੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ SGPC ਦਾ ਇੱਕ ਵਫ਼ਦ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਮਿਲਿਆ। ਇਸ ਦੌਰਾਨ ਕਮੇਟੀ ਵੱਲੋਂ ਲਿਖਤੀ ਅਰਜ਼ੀ ਦੇ ਕੇ ਮੰਗ ਕੀਤੀ ਗਈ ਕਿ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਜ਼ਮੀਨ ਦਾ ਗ਼ਲਤ ਤਰੀਕੇ ਨਾਲ ਕਰਵਾਇਆ ਗਿਆ ਇੰਤਕਾਲ ਤੁਰੰਤ ਰੱਦ ਕੀਤਾ ਜਾਵੇ ਅਤੇ ਇਸ ਜ਼ਮੀਨ ਦੀ ਅਗਲੇ ਸਮੇਂ ਵਿੱਚ ਕਿਸੇ ਵੀ ਕਿਸਮ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਵੇ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ SGPC ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਵੱਲੋਂ ਜਾਹਲਸਾਜ਼ੀ ਕਰਦਿਆਂ ਗੁਰਦੁਆਰਾ ਸਾਹਿਬ ਦੀ ਅਮਾਨਤੀ ਜਾਇਦਾਦ ਨਾਲ ਭਾਰੀ ਧੋਖਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਾਹਲੀ ਦਸਤਾਵੇਜ਼ ਤਿਆਰ ਕਰਕੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਵੇਚੀ ਗਈ ਅਤੇ ਇਸ ਰਾਹੀਂ ਵੱਡੀ ਰਕਮ ਹੜੱਪੀ ਗਈ, ਜੋ ਕਿ ਗੰਭੀਰ ਅਪਰਾਧ ਹੈ।

ਕੁਲਵੰਤ ਸਿੰਘ ਮੰਨਣ ਨੇ ਸਪਸ਼ਟ ਕੀਤਾ ਕਿ ਗੁਰਦੁਆਰਾ ਸਾਹਿਬ ਦੀ ਜਾਇਦਾਦ ਧਾਰਮਿਕ ਅਮਾਨਤ ਹੁੰਦੀ ਹੈ ਅਤੇ ਇਸ ਨਾਲ ਕਿਸੇ ਵੀ ਤਰ੍ਹਾਂ ਦੀ ਖਿਆਨਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਲਈ ਇੰਤਕਾਲ ਰੱਦ ਕਰਨਾ ਅਤੇ ਜ਼ਮੀਨ ਦੀ ਵਿਕਰੀ ’ਤੇ ਰੋਕ ਲਗਾਉਣਾ ਬਹੁਤ ਜ਼ਰੂਰੀ ਹੈ।

ਇਸ ਤੋਂ ਇਲਾਵਾ SGPC ਦੇ ਵਫ਼ਦ ਨੇ ਮੋਹਾਲੀ ਦੇ SSP ਨਾਲ ਵੀ ਮੁਲਾਕਾਤ ਕਰਕੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਸਮੇਤ ਇਸ ਧੋਖਾਧੜੀ ਵਿੱਚ ਸ਼ਾਮਲ ਹੋਰ ਵਿਅਕਤੀਆਂ ਖ਼ਿਲਾਫ ਤੁਰੰਤ ਫੌਜਦਾਰੀ ਮਾਮਲਾ ਦਰਜ ਕਰਨ ਦੀ ਲਿਖਤੀ ਮੰਗ ਕੀਤੀ ਹੈ। SGPC ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਘਰੇ ਵਿੱਚ ਖੜ੍ਹਾ ਕੀਤਾ ਜਾਵੇ।

ਇਸ ਵਫ਼ਦ ਵਿੱਚ SGPC ਸਕੱਤਰ ਪ੍ਰਤਾਪ ਸਿੰਘ, ਮੀਤ ਸਕੱਤਰ ਗੁਰਨਾਮ ਸਿੰਘ, ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਵੀ ਸ਼ਾਮਲ ਸਨ।

SGPC ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਨੂੰ ਅੰਤ ਤੱਕ ਲਿਜਾਇਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.